ਗੁਰਮੀਤ ਸਿੰਘ ਖੂਡੀਆਂ ਕੈਬਨਿਟ ਮੰਤਰੀ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਨੇ ਆਖਿਆ ਹੈ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਸਹਾਇਕ ਕਿੱਤਿਆਂ ਨਾਲ ਜੋੜਨ ਲਈ ਉਪਰਾਲੇ ਕਰ ਰਹੀ ਹੈ । ਇਸ ਲਈ ਸੂਬਾ ਸਰਕਾਰ ਵੱਲੋਂ ਵੱਖ—ਵੱਖ ਸਿਖਲਾਈ ਕੇਂਦਰਾਂ ਤੇ ਸਮੇਂ—ਸਮੇਂ ਤੇ ਡੇਅਰੀ ਸਿਖਲਾਈ ਕੋਰਸ ਕਰਵਾਏ ਜਾ ਰਹੇ ਹਨ ਤਾਂ ਜੋ ਇਹਨਾਂ ਕੋਰਸਾਂ ਨੂੰ ਕਰਨ ਤੋਂ ਬਾਅਦ ਸਾਡੇ ਕਿਸਾਨ ਵੀਰ ਪਸ਼ੂ ਪਾਲਣ ਕਿੱਤੇ ਨੂੰ ਸਫਲਤਾ ਨਾਲ ਕਰ ਸਕਣ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਵੱਲੋਂ ਦੋ ਹਫਤਿਆਂ ਦਾ ਡੇਅਰੀ ਸਿਖਲਾਈ ਕੋਰਸ 8 ਜਨਵਰੀ 2024 ਨੂੰ ਇੰਟੀਗਰੇਟਡ ਫਾਰਮਰ ਟਰੇਨਿੰਗ ਸੈਂਟਰ ਅਬੁਲ ਖੁਰਾਣਾ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਇਸ ਸਿਖਲਾਈ ਦੌਰਾਨ ਦੁਧਾਰੂ ਪਸ਼ੂਆਂ ਦੀ ਖਰੀਦ, ਉਹਨਾਂ ਦਾ ਰੱਖ ਰਖਾਵ, ਖਾਧ ਖੁਰਾਕ, ਨਸਲ ਸੁਧਾਰ ਅਤੇ ਮੰਡੀਕਰਨ ਦੀਆਂ ਨਵੀਆਂ ਤਕਨੀਕਾਂ ਬਾਰੇ ਸਿਖਲਾਈ ਦਿੱਤੀ ਜਾਵੇਗੀ । ਇਸ ਸਿਖਲਾਈ ਨਾਲ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਆਪਣਾ ਡੇਅਰੀ ਦਾ ਧੰਦਾ ਸ਼ੁਰੂ ਕਰਕੇ ਸਵੈ ਰੁਜ਼ਗਾਰ ਚਲਾ ਸਕਦੇ ਹਨ । ਉਨਾਂ ਦੱਸਿਆ ਕਿ ਇਸ ਸਿਖਲਾਈ ਵਿੱਚ ਭਾਗ ਲੈਣ ਵਾਲੇ ਸਿੱਖਿਆਰਥੀ ਪੇਂਡੂ ਖੇਤਰ ਨਾਲ ਸਬੰਧ ਰੱਖਦੇ ਹੋਣ, ਜਿਸ ਦੀ ਘੱਟੋ ਘੱਟ ਯੋਗਤਾ ਪੰਜਵੀਂ ਹੋਵੇ ਅਤੇ ਉਮਰ ਹੱਦ 18 ਤੋਂ 55 ਸਾਲ ਤੱਕ ਹੋਵੇ।
ਇਸ ਲਈ ਜੋ ਕਿਸਾਨ ਵੀਰ ਇਹ ਸਿਖਲਾਈ ਲੈਣਾ ਚਾਹੁੰਦੇ ਹਨ ਉਹ 8 ਜਨਵਰੀ ਨੂੰ ਆਪਣੇ ਦਸਤਾਵੇਜ ਜਿਸ ਵਿੱਚ ਆਧਾਰ ਕਾਰਡ, ਪਾਸਪੋਰਟ ਸਾਈਜ਼ ਫੋਟੋ ਹੋਵੇ ਲੈ ਕੇ 8 ਜਨਵਰੀ 2024 ਨੂੰ ਡੇਅਰੀ ਸਿਖਲਾਈ ਕੇਂਦਰ ਪਿੰਡ ਅਬੁਲ ਖੁਰਾਣਾ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਸਕਦੇ ਹਨ। ਉਹਨਾਂ ਨੇ ਕਿਸਾਨਾਂ ਨੂੰ ਇਸ ਸਿਖਲਾਈ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।