‘ਛੱਲਾ ਮੁੜ ਕੇ ਨਹੀਂ ਆਇਆ’ ਫ਼ਿਲਮ ਦਾ ਦੂਜਾ ਗੀਤ ‘ਬਾਗ’ ਰਿਲੀਜ਼ ਹੋ ਗਿਆ ਹੈ। ਪਿਆਰ ਦੇ ਰੰਗਾਂ ਨਾਲ ਭਰੇ ਇਸ ਗੀਤ ਨੂੰ ਅਮਰਿੰਦਰ ਗਿੱਲ ਨੇ ਹੀ ਗਾਇਆ ਹੈ। ਜੀ ਹਾਂ ਕੁਝ ਦਿਨ ਪਹਿਲਾਂ ਹੀ ਫ਼ਿਲਮ ਦਾ ਸ਼ਾਨਦਾਰ ਟ੍ਰੇਲਰ ਅਤੇ ਟਾਈਟਲ ਟਰੈਕ ਦਰਸ਼ਕਾਂ ਰੂਬਰੂ ਹੋਏ ਹਨ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ। ਇਸਦੇ ਨਾਲ ਹੀ ਦੱਸ ਦਈਏ ਕਿ ਇਹ ਫਿਲਮ ਵੀ ਅੱਜ ਸਿਨੇਮਾਂ ਘਰਾਂ ‘ਚ ਰਿਲੀਜ਼ ਹੋ ਗਈ ਹੈ।
ਜੇ ਗੱਲ ਕਰੀਏ ਇਸ ਨਵੇਂ ਗੀਤ ਦੀ ਤਾਂ ਉਹ ਰੋਮਾਂਟਿਕ ਜ਼ੌਨਰ ਦਾ ਹੈ। ਇਸ ਗੀਤ ਦੇ ਬੋਲ ਬੀਰ ਸਿੰਘ ਨੇ ਹੀ ਲਿਖੇ ਨੇ ਤੇ ਮਿਊਜ਼ਿਕ Lowkey ਦਾ ਹੈ। ਗੀਤ ਦੇ ਵੀਡੀਓ ‘ਚ ਪੁਰਾਣੇ ਪੰਜਾਬ ਦੇ ਕਈ ਰੰਗ ਦੇਖਣ ਨੂੰ ਮਿਲ ਰਹੇ ਹਨ। ਵੀਡੀਓ ‘ਚ ਅਮਰਿੰਦਰ ਗਿੱਲ ਅਤੇ ਸਰਗੁਣ ਮਹਿਤਾ ਉਸ ਸਮੇਂ ਦੇ ਸਾਦੇ ਪਹਿਰਾਵੇ ‘ਚ ਨਜ਼ਰ ਆ ਰਹੇ ਹਨ। ਇਹ ਗੀਤ ਸਰਗੁਣ ਅਤੇ ਅਮਰਿੰਦਰ ਗਿੱਲ ਦੇ ਆਲੇ ਦੁਆਲੇ ਘੁੰਮਦਾ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਫ਼ਿਲਮ ਰਿਦਮ ਬੁਆਏਜ਼ ਦੇ ਬੈਨਰ ਹੇਠ ਰਿਲੀਜ਼ ਹੋ ਚੁੱਕੀ ਹੈ। ਜਿਸ ਵਿੱਚ ਅਮਰਿੰਦਰ ਗਿੱਲ, ਸਰਗੁਣ ਮਹਿਤਾ, ਸਿਡਨੀ ਐਬਰਵਿਨ, ਬਿਨੂੰ ਢਿੱਲੋਂ, ਕਰਮਜੀਤ ਅਨਮੋਲ, ਰਾਜ ਕਾਕੜਾ ਤੇ ਕਈ ਹੋਰ ਕਲਾਕਾਰ ਇਸ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ, ਜਦਕਿ ਫ਼ਿਲਮ ‘ਚ ਨਿਰਦੇਸ਼ਨ ਖੁਦ ਅਮਰਿੰਦਰ ਗਿੱਲ ਦੇ ਰਹੇ ਹਨ। ਇਸ ਫ਼ਿਲਮ ‘ਚ ਆਜ਼ਾਦੀ ਤੋਂ ਪਹਿਲਾ ਦੇ ਪੰਜਾਬ ਅਤੇ ਪ੍ਰਦੇਸ਼ੀ ਹੁੰਦੇ ਪੰਜਾਬੀਆਂ ਦੇ ਹਾਲਾਤਾਂ ਨੂੰ ਬਿਆਨ ਕੀਤਾ ਹੈ।