ਅੱਜ ਕਿਸਾਨ ਅੰਦੋਲਨ ਦੇ ਦੂਜੇ ਦਿਨ ਵੀ ਸੰਘਰਸ਼ ਲਈ ਤਿਆਰ ਹਨ। ਪੰਜਾਬ ਦੇ ਕਿਸਾਨ ਮੁੜ ਤੋਂ ਦਿੱਲੀ ਕੂਚ ਕਰਨ ਲਈ ਅੱਗੇ ਵਧ ਰਹੇ ਹਨ। ਕਿਸਾਨ ਸ਼ੰਭੂ ਅਤੇ ਖਨੌਰੀ ਸਰਹੱਦ ਤੋਂ ਹਰਿਆਣਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਨਗੇ। ਅੱਜ ਸਵੇਰ ਤੋਂ ਹੀ ਕਿਸਾਨਾਂ ‘ਤੇ ਮੁੜ ਤੋਂ ਹੰਝੂ ਗੋਲਿਆਂ ਦੀ ਬਰਸਾਤ ਸ਼ੁਰੂ ਹੋ ਗਈ ਹੈ।
ਪ੍ਰਸ਼ਾਸਨ ਕਿਸਾਨਾਂ ਨੂੰ ਖਦੇੜਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਕਿਸਾਨ ਮਜ਼ਦੂਰ ਮੋਰਚਾ ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਦਿੱਲੀ ਜਾਣਗੇ। ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਪਾਬੰਦੀ 15 ਫਰਵਰੀ ਦੀ ਅੱਧੀ ਰਾਤ 12 ਤੱਕ ਵਧਾ ਦਿੱਤੀ ਗਈ ਹੈ। ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ, ਸਿਰਸਾ ਵਿੱਚ ਇਹ ਪਾਬੰਦੀ ਲਾਗੂ ਰਹੇਗੀ।
ਕਿਸਾਨ ਸਵੇਰੇ 10 ਵਜੇ ਪੰਜਾਬ ਤੋਂ ਹਰਿਆਣਾ ਲਈ ਰਵਾਨਾ ਹੋਏ। ਦੁਪਹਿਰ ਕਰੀਬ 12 ਵਜੇ ਕਿਸਾਨ ਇਕੱਠੇ ਹੋ ਕੇ ਪੰਜਾਬ-ਹਰਿਆਣਾ ਦੇ ਸ਼ੰਭੂ, ਖਨੌਰੀ ਅਤੇ ਡੱਬਵਾਲੀ ਬਾਰਡਰ ‘ਤੇ ਪਹੁੰਚੇ। ਜ਼ਿਆਦਾਤਰ ਕਿਸਾਨ ਸ਼ੰਭੂ ਬਾਰਡਰ ‘ਤੇ ਪਹੁੰਚ ਗਏ। ਜਿਵੇਂ ਹੀ ਕਿਸਾਨ ਇੱਥੇ ਪੁੱਜੇ ਤਾਂ ਹਰਿਆਣਾ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡਣੇ ਸ਼ੁਰੂ ਕਰ ਦਿੱਤੇ। ਮਸ਼ੀਨ ਦੀ ਰੇਂਜ ਘੱਟ ਹੋਣ ‘ਤੇ ਡਰੋਨ ਰਾਹੀਂ ਅੱਥਰੂ ਗੈਸ ਛੱਡੀ ਗਈ।
ਕਿਸਾਨਾਂ ਨੇ ਇੱਥੇ ਸੜਕ ਦੇ ਵਿਚਕਾਰ ਪਈਆਂ ਸੀਮਿੰਟ ਦੀਆਂ ਸਲੈਬਾਂ ਨੂੰ ਟਰੈਕਟਰਾਂ ਨਾਲ ਹਟਾ ਦਿੱਤਾ। ਜਿਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ।
ਇਸ ਦੌਰਾਨ ਅੰਬਾਲਾ ਪੁਲਿਸ ਦੇ ਡੀਐਸਪੀ ਸਮੇਤ 5 ਪੁਲੀਸ ਮੁਲਾਜ਼ਮ ਅਤੇ ਕਈ ਕਿਸਾਨ ਵੀ ਜ਼ਖ਼ਮੀ ਹੋ ਗਏ। ਕਿਸਾਨਾਂ ਨੇ ਇੱਥੇ ਘੱਗਰ ਪੁਲ ਦੇ ਕੰਢੇ ਲਾਏ ਸੁਰੱਖਿਆ ਬੈਰੀਅਰ ਤੋੜ ਦਿੱਤੇ। ਖਨੌਰੀ ਸਰਹੱਦ ‘ਤੇ ਕਿਸਾਨ ਤੇ ਪੁਲਿਸ ਆਹਮੋ-ਸਾਹਮਣੇ ਹੋ ਗਏ।
ਕਿਸਾਨਾਂ ਨੇ ਜ਼ਬਰਦਸਤੀ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਅੱਥਰੂ ਗੈਸ ਛੱਡੀ। ਇਸ ਤੋਂ ਬਾਅਦ ਵੀ ਭੀੜ ਨਹੀਂ ਰੁਕੀ ਅਤੇ ਪੁਲਿਸ ‘ਤੇ ਪਥਰਾਅ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਲਾਠੀਚਾਰਜ ਨਾਲ ਕਿਸਾਨਾਂ ਨੂੰ ਖਦੇੜਿਆ। ਦੱਸ ਦਈਏ ਕਿ ਕਿਸਾਨ ਆਪਣੀਆਂ ਮੰਗਾਂ ਲਈ ਜਾਨ ਦੀ ਬਾਜ਼ੀ ਲਗਾ ਕੇ ਅੱਗੇ ਵਧ ਰਹੇ ਹਨ।