ਕਾਬੁਲ ‘ਚ ਇੱਕ ਵਾਰ ਫਿਰ ਤੋਂ ਬੰਬ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਕਾਰਤੇ ਪਰਵਾਨ ਸਾਹਿਬ ਦੇ ਮੁੱਖ ਗੇਟ ‘ਤੇ ਧਮਾਕਾ ਹੋਇਆ ਹੈ। ਘਟਨਾ ਸਮੇਂ ਸਿੱਖਾਂ ਦੇ ਨਾਲ-ਨਾਲ ਹਿੰਦੂ ਭਾਈਚਾਰੇ ਦੇ ਕੁਝ ਲੋਕ ਵੀ ਇੱਥੇ ਮੌਜੂਦ ਸਨ। ਇਸ ਗੁਰਦੁਆਰੇ ‘ਤੇ 18 ਜੂਨ ਨੂੰ ਵੀ ਹਮਲਾ ਹੋਇਆ ਸੀ।ਉਸ ਸਮੇਂ ਦੋ ਲੋਕਾਂ ਦੀ ਮੌਤ ਹੋ ਗਈ ਸੀ।
ਖਾਸ ਗੱਲ ਇਹ ਹੈ ਕਿ 24 ਜੁਲਾਈ ਨੂੰ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਸਿੱਖਾਂ ਅਤੇ ਹਿੰਦੂਆਂ ਦੇ ਵਫਦ ਨੂੰ ਬੁਲਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ। ਤਾਲਿਬਾਨ ਸਰਕਾਰ ਨੇ ਬਿਆਨ ‘ਚ ਕਿਹਾ ਸੀ ਕਿ ਅਸੀਂ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀ ਪੂਰੀ ਸੁਰੱਖਿਆ ਦਾ ਭਰੋਸਾ ਦਿੰਦੇ ਹਾਂ ਜੋ ਦੇਸ਼ ਛੱਡ ਕੇ ਚਲੇ ਗਏ ਹਨ। ਸਾਡੀ ਅਪੀਲ ਹੈ ਕਿ ਉਹ ਆਪਣੇ ਵਤਨ ਪਰਤਣ।
ਅੱਜ ਹੋਏ ਇਸ ਧਮਾਕੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਇਆ ਹੈ। ਇਸ ਵਿੱਚ ਇੱਕ ਸਿੱਖ ਦੁਕਾਨਦਾਰ ਦੱਸਦਾ ਹੈ ਕਿ ਉਹ ਖਾਣਾ ਖਾਣ ਗਿਆ ਸੀ। ਇਸ ਦੌਰਾਨ ਉਨ੍ਹਾਂ ਦੀ ਦੁਕਾਨ ‘ਚ ਧਮਾਕਾ ਹੋ ਗਿਆ। ਇਸ ਨਾਲ ਕਾਫੀ ਨੁਕਸਾਨ ਹੋਇਆ ਪਰ ਗੁਰਦੁਆਰੇ ਦੇ ਅੰਦਰ ਮੌਜੂਦ ਲੋਕਾਂ ਅਤੇ ਇਸ ਦੁਕਾਨਦਾਰ ਦਾ ਕੋਈ ਨੁਕਸਾਨ ਨਹੀਂ ਹੋਇਆ। ਘਟਨਾ ਤੋਂ ਬਾਅਦ ਤਾਲਿਬਾਨ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਉਥੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ। ਦੱਸਿਆ ਗਿਆ ਹੈ ਕਿ ਕੁਝ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।