ਪੰਜਾਬ ‘ਚ ਡੀ-ਫਾਰਮੇਸੀ ਦੇ ਫਰਜ਼ੀ ਡਿਗਰੀ ਘੁਟਾਲੇ ‘ਚ ਵਿਜੀਲੈਂਸ ਟੀਮ ਹੁਣ ਜਾਅਲੀ ਡਿਗਰੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਸੂਚੀ ਬਣਾਉਣ ‘ਚ ਲੱਗੀ ਹੋਈ ਹੈ। ਜਿਸ ਨੂੰ ਲੈ ਕੇ ਡੀ ਫਾਰਮੇਸੀ ਘੁਟਾਲੇ ਦੀਆਂ ਪਰਤਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਵਿਜੀਲੈਂਸ ਦੇ ਏਆਈਜੀ ਦੀ ਅਗਵਾਈ ‘ਚ ਬਣਾਈ ਗਈ ਐੱਸਆਈਟੀ ਨੂੰ ਹੁਣ ਤੱਕ 300 ਤੋਂ ਵੱਧ ਫਰਜ਼ੀ ਡਿਗਰੀਆਂ ਬਾਰੇ ਜਾਣਕਾਰੀ ਮਿਲੀ ਹੈ। ਦੇਸ਼ ਭਰ ਦੀਆਂ 8 ਸੰਸਥਾਵਾਂ ਤੋਂ ਜਾਅਲੀ ਡਿਗਰੀਆਂ ਹਾਸਲ ਕਰਕੇ ਸੈਂਕੜੇ ਲੋਕ ਕਈ ਸਾਲਾਂ ਤੋਂ ਸਰਕਾਰੀ ਵਿਭਾਗਾਂ ਵਿੱਚ ਨੌਕਰੀ ਕਰ ਰਹੇ ਹਨ।
ਵਿਜੀਲੈਂਸ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜਾਅਲੀ ਸਰਟੀਫਿਕੇਟ/ਡਿਗਰੀਆਂ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਗਿਣਤੀ ਇੱਕ ਹਜ਼ਾਰ ਤੋਂ ਵੱਧ ਹੋ ਸਕਦੀ ਹੈ। ਵਿਜੀਲੈਂਸ ਬਿਊਰੋ 20 ਸੰਸਥਾਵਾਂ ਵਿਰੁੱਧ ਕੇਸ ਦਰਜ ਕਰੇਗਾ। ਵਿਜੀਲੈਂਸ ਨੇ ਆਪਣੀ ਜਾਂਚ ‘ਚ 20 ਸੰਸਥਾਵਾਂ ਦੀ ਪਛਾਣ ਕੀਤੀ ਸੀ। ਹੁਣ ਇਨ੍ਹਾਂ ਦੇ ਮਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਨ੍ਹਾਂ ਸੰਸਥਾਵਾਂ ਦੇ 2005 ਤੋਂ 2022 ਤੱਕ ਦੇ ਡੀ-ਫਾਰਮੇਸੀ ਦੇ ਪੂਰੇ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ ਕਿ ਲੋਕਾਂ ਨੇ ਡੀ-ਫਾਰਮੇਸੀ ਨਾਲ ਸਬੰਧਤ ਸਰਟੀਫਿਕੇਟ ਕਦੋਂ ਜਾਰੀ ਕੀਤੇ ਹਨ। ਇਸ ‘ਤੇ ਇਲਜ਼ਾਮ ਹੈ ਕਿ ਮੋਟੀ ਰਕਮ ਲੈ ਕੇ ਦੂਜੇ ਰਾਜਾਂ ਦੇ ਜਾਅਲੀ ਸਰਟੀਫਿਕੇਟ ਜਾਰੀ ਕੀਤੇ, ਜਿਸ ਦੇ ਆਧਾਰ ‘ਤੇ ਨੌਜਵਾਨ ਪੰਜਾਬ ‘ਚ ਦਵਾਈਆਂ ਦਾ ਕਾਰੋਬਾਰ ਕਰ ਰਹੇ ਹਨ। ਡੀ-ਫਾਰਮੇਸੀ ਦੇ 17 ਸਾਲਾਂ ਦੇ ਰਿਕਾਰਡ ਦੀ ਜਾਂਚ ਕਰਕੇ ਅਗੇਰਲੀ ਕਾਰਵਾਈ ਕੀਤੀ ਜਾਵੇਗੀ।
ਵਿਜੀਲੈਂਸ ਦੇ ਤਫ਼ਤੀਸ਼ੀ ਅਫ਼ਸਰਾਂ ਦਾ ਕਹਿਣਾ ਹੈ ਕਿ ਡੀ-ਫ਼ਾਰਮੇਸੀ ਨਾਲ ਸਬੰਧਤ ਸਰਕਾਰੀ ਨੌਕਰੀ ਭਾਲਣ ਵਾਲਿਆਂ ਲਈ ਅਸਾਮੀਆਂ ਕਦੋਂ ਜਾਰੀ ਕੀਤੀਆਂ ਗਈਆਂ ਸਨ, ਕਿਹੜੇ ਵਿਭਾਗ ਸਨ ਜਿਨ੍ਹਾਂ ਵਿੱਚ ਸਬੰਧਤ ਯੋਗਤਾਵਾਂ ਨਾਲ ਭਰਤੀ ਲਈ ਇਸ਼ਤਿਹਾਰ ਦਿੱਤਾ ਗਿਆ ਸੀ, ਇਸ ਸਭ ਦੀ ਜਾਂਚ ਕੀਤੀ ਜਾਵੇਗੀ। ਇਹ ਸਰਟੀਫਿਕੇਟ ਲੈਣ ਵਾਲਿਆਂ ਕੋਲ ਦਵਾਈਆਂ ਬਾਰੇ ਠੋਸ ਅਤੇ ਪੂਰੀ ਜਾਣਕਾਰੀ ਨਹੀਂ ਹੈ। ਵਿਜੀਲੈਂਸ ਬਿਊਰੋ ਨੇ ਉਨ੍ਹਾਂ ਲੋਕਾਂ ਦੇ ਰਿਕਾਰਡ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ ਜੋ ਜਾਅਲੀ ਦਸਤਾਵੇਜ਼ ਤਿਆਰ ਕਰਕੇ ਸਰਕਾਰੀ ਨੌਕਰੀਆਂ ਲੈਣ ‘ਚ ਕਾਮਯਾਬ ਹੋਏ ਹਨ।