ਅੰਮ੍ਰਿਤਸਰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਦੋ ਵਿਅਕਤੀਆਂ ਨੂੰ ਅਸਲੇ ਸਮੇਤ ਕਾਬੂ ਕੀਤਾ ਹੈ। ਪਤਾ ਲੱਗਿਆ ਹੈ ਕਿ ਕਥਿਤ ਦੋਸ਼ੀ ਗੈਂਗ ਬਣਾ ਕੇ ਨਾਜਾਇਜ਼ ਹਥਿਆਰ ਸਪਲਾਈ ਕਰਦੇ ਸਨ। ਪੁਲਿਸ ਨੇ ਦੋਵਾਂ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਅਰੰਭ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਏਡੀਸੀਪੀ ਮਹਿਤਾਬ ਸਿੰਘ ਨੇ ਦੱਸਿਆ ਕਿ ਥਾਣਾ ਗੇਟ ਹਕੀਮਾਂ ਦੀ ਪੁਲਿਸ ਪਾਰਟੀ ਐਸ.ਆਈ ਬਲਵਿੰਦਰ ਸਿੰਘ ਇੰਚਾਰਜ਼ ਪੁਲਿਸ ਚੌਕੀ ਅੰਨਗੜ੍ਹ ਤੇ ਮੁਲਾਜ਼ਮਾਂ ਵੱਲੋਂ ਇੱਕ ਵਿਅਕਤੀ ਸਾਹਿਲ ਕੁਮਾਰ ਉਰਫ ਛਾਂਗਾ ਨੂੰ ਅੰਨਗੜ੍ਹ ਫਾਟਕ ਦੇ ਖੇਤਰ ਤੋਂ ਕਾਬੂ ਕਰਕੇ ਇਸ ਪਾਸੋਂ 05 ਪਿਸਟਲ ਅਤੇ 40 ਜਿੰਦਾਂ ਰੋਂਦ (32 ਬੋਰ, 315 ਬੋਰ ਤੇ 12 ਬੋਰ) ਬਰਾਮਦ ਕੀਤੇ ਗਏ।
ਏਡੀਸੀਪੀ ਨੇ ਦੱਸਿਆ ਕਿ ਗ੍ਰਿਫਤਾਰ ਸਾਹਿਲ ਕੁਮਾਰ ਕਰੀਬ ਚਾਰ ਮਹੀਨੇ ਪਹਿਲਾਂ ਕੇਂਦਰੀ ਜੇਲ੍ਹ, ਅੰਮ੍ਰਿਤਸਰ ਤੋਂ ਵੱਖ-ਵੱਖ ਮੁਕੱਦਮਿਆਂ ਵਿੱਚ 04 ਸਾਲ ਅੰਦਰ ਰਹਿ ਕੇ ਜ਼ਮਾਨਤ ‘ਤੇ ਬਾਹਰ ਆਇਆ ਸੀ। ਸਾਹਿਲ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਅਜੈ ਸਿੰਘ ਉਰਫ ਭੀੜੀ ਅਤੇ ਰਕਸ਼ਿਤ ਸੈਣੀ ਨਾਲ ਮਿਲ ਕੇ ਗੈਂਗ ਬਣਾ ਕੇ ਨਜ਼ਾਇਜ਼ ਹਥਿਆਰ ਅੱਗੇ ਵੇਚਦੇ ਹਨ। ਅਜੇ ਸਿੰਘ ਉਰਫ ਭੀੜੀ ਅਤੇ ਰਕਸ਼ਿਤ ਸੈਣੀ, ਇਸ ਸਮੇਂ ਅਸਲਾ ਐਕਟ ਵਿੱਚ ਇਸ ਸਮੇਂ ਕੇਂਦਰੀ ਜੇਲ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਬੰਦ ਹਨ।