ਰਾਹੁਲ ਗਾਂਧੀ ਅੰਮ੍ਰਿਤਸਰ ਪਹੁੰਚ ਗਏ ਹਨ। ਉਹ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਰਹੇ ਹਨ। ਉਹ ‘ਭਾਰਤ ਜੋੜੋ ਯਾਤਰਾ’ ਤੋਂ ਪਹਿਲਾਂ ਅੱਜ ਗੁਰੂ ਦੇ ਦਰ ‘ਤੇ ਪਹੁੰਚੇ ਹਨ।
ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦਾ ਹਰਿਆਣਾ ਦਾ ਪੜਾਅ ਮੰਗਲਵਾਰ ਨੂੰ ਪੂਰਾ ਹੋ ਗਿਆ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ ਸੀ ਕਿ ਭਾਰਤ ਜੋੜੋ ਯਾਤਰਾ ਦਾ 116ਵਾਂ ਦਿਨ ਹਰਿਆਣਾ ਦੇ ਅੰਬਾਲਾ ‘ਚ ਪੂਰਾ ਹੋਇਆ। ਬੁੱਧਵਾਰ ਸਵੇਰ ਪੰਜਾਬ ‘ਚ ਇਹ ਯਾਤਰਾ ਸ਼ੁਰੂ ਹੋਵੇਗੀ। ਅੰਮ੍ਰਿਤਸਰ ਦੇ ਪਵਿੱਤਰ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਤੋਂ ਬਾਅਦ ਯਾਤਰਾ ਸ਼ੁਰੂ ਕਰਨ ਤੋਂ ਬਿਹਤਰ ਕੁਝ ਨਹੀਂ ਹੋ ਸਕਦਾ।
ਉਨ੍ਹਾਂ ਇਹ ਵੀ ਦੱਸਿਆ ਕਿ ਰਾਹੁਲ ਗਾਂਧੀ ਅੱਜ ਸ੍ਰੀ ਹਰਿਮੰਦਰ ਸਾਹਿਬ ਜਾਣਗੇ, ਇਸ ਲਈ ਮੰਗਲਵਾਰ ਦੁਪਹਿਰ ਬਾਅਦ ਪੈਦਲ ਯਾਤਰਾ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਰਾਹੁਲ ਨੇ ਮੰਗਲਵਾਰ ਸਵੇਰੇ ਅੰਬਾਲਾ ਕੈਂਟ ਦੇ ਸ਼ਾਹਪੁਰ ਤੋਂ ਪੈਦਲ ਯਾਤਰਾ ਸ਼ੁਰੂ ਕੀਤੀ। ਦਸੰਬਰ ‘ਚ ਵੀ ਇਹ ਯਾਤਰਾ ਹਰਿਆਣਾ ਦੇ ਮੇਵਾਤ, ਫਰੀਦਾਬਾਦ ਅਤੇ ਕੁਝ ਹੋਰ ਇਲਾਕਿਆਂ ਤੋਂ ਲੰਘੀ ਸੀ। ‘ਭਾਰਤ ਜੋੜੋ ਯਾਤਰਾ’ 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ ਅਤੇ ਹੁਣ ਪੰਜਾਬ ਪਹੁੰਚੀ ਹੈ। ਪੰਜਾਬ ਤੋਂ ਬਾਅਦ ਯਾਤਰਾ ਹਿਮਾਚਲ ਪ੍ਰਦੇਸ਼ ਅਤੇ ਫਿਰ ਜੰਮੂ ਕਸ਼ਮੀਰ ਜਾਵੇਗੀ। ਸ਼੍ਰੀਨਗਰ ‘ਚ ਇਹ ਯਾਤਰਾ ਸਮਾਪਤ ਹੋਵੇਗੀ।