ਪਠਾਨਕੋਟ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ (Former Congress MLA) ਜੋਗਿੰਦਰ ਪਾਲ ਨੂੰ ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ (Judicial Custody) ‘ਚ ਭੇਜ ਦਿੱਤਾ ਹੈ। ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਪਠਾਨਕੋਟ ਸਬ ਜੇਲ੍ਹ ‘ਚ ਭੇਜ ਦਿੱਤਾ ਗਿਆ ਹੈ, ਉਨ੍ਹਾਂ ਨੂੰ ਬੀਤੇ ਦਿਨੀਂ ਨਾਜਾਇਜ਼ ਮਾਈਨਿੰਗ (Illegal Mining) ਅਤੇ ਪੁਲਿਸ ਨਾਲ ਬਦਸਲੂਕੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੀ ਜਾਣਕਾਰੀ ਉਨ੍ਹਾਂ ਦੇ ਵਕੀਲ ਨੇ ਦਿੱਤੀ ਹੈ।
ਲੰਘੀ ਦੇਰ ਸ਼ਾਮ ਪਠਾਨਕੋਟ ਦੇ ਹਲਕਾ ਭੋਆ ਦੇ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨੂੰ ਪੁਲਿਸ ਨੇ ਨਾਜਾਇਜ਼ ਮਾਈਨਿੰਗ ਅਤੇ ਪੁਲਿਸ ਨਾਲ ਦੁਰਵਿਵਹਾਰ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕਰ ਲਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੈਡੀਕਲ ਲਈ ਪਠਾਨਕੋਟ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ।
ਜਿੱਥੇ ਉਨ੍ਹਾਂ ਦੀ ਸਿਹਤ ਦੀ ਜਾਂਚ ਮਗਰੋਂ ਰਾਤ ਨੂੰ ਉਨ੍ਹਾਂ ਨੂੰ ਪੁਲਿਸ ਹਿਰਾਸਤ ਵਿੱਚ ਸਰਕਾਰੀ ਹਸਪਤਾਲ ਵਿੱਚ ਰੱਖਣਾ ਪਿਆ। ਦੱਸ ਦੇਈਏ ਅੱਜ ਸਵੇਰੇ ਜੋਗਿੰਦਰ ਪਾਲ ਨੂੰ ਪਠਾਨਕੋਟ ਦੀ ਸਿਵਲ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ।
ਭੋਆ ਤੋਂ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਪਠਾਨਕੋਟ ਜ਼ਿਲ੍ਹੇ ਵਿੱਚ ਰਾਵੀ ਨਦੀ ਦੇ ਨੇੜੇ ਇੱਕ ਕਰੱਸ਼ਰ ਸਾਈਟ ਦੇ ਮਾਲਕ ਹਨ। ਇਹ ਸਾਈਟ ਜੋਗਿੰਦਰ ਪਾਲ ਦੀ ਪਤਨੀ ਦੇ ਨਾਂ ‘ਤੇ ਹੈ। ਸ਼ੁੱਕਰਵਾਰ ਨੂੰ ਮਾਈਨਿੰਗ ਵਿਭਾਗ ਨੂੰ ਇਸ ਜਗ੍ਹਾ ‘ਤੇ ਨਾਜਾਇਜ਼ ਮਾਈਨਿੰਗ ਹੋਣ ਦੀ ਸੂਚਨਾ ਮਿਲੀ ਸੀ।
ਜਦੋਂ ਮਾਈਨਿੰਗ ਵਿਭਾਗ ਦੇ ਅਧਿਕਾਰੀ ਐਸ.ਡੀ.ਓ ਦੀ ਅਗਵਾਈ ਵਿੱਚ ਮੌਕੇ ’ਤੇ ਪੁੱਜੇ ਤਾਂ ਜੋਗਿੰਦਰ ਪਾਲ ਪਹਿਲਾਂ ਹੀ ਉਥੇ ਮੌਜੂਦ ਸਨ। ਮੌਕੇ ‘ਤੇ ਨਜਾਇਜ਼ ਮਾਈਨਿੰਗ ਹੁੰਦੀ ਦੇਖ ਕੇ ਐਸ.ਡੀ.ਓ ਨੇ ਪੋਕਲੇਨ ਮਸ਼ੀਨ ਅਤੇ ਟਿੱਪਰ ਜ਼ਬਤ ਕਰ ਲਿਆ।
ਇਸ ਦਰਮਿਆਨ ਸਾਬਕਾ ਵਿਧਾਇਕ ਨੇ ਕਥਿਤ ਤੌਰ ‘ਤੇ ਪੁਲਿਸ ਨਾਲ ਬਦਸਲੂਖੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਮਗਰੋਂ ਉਨ੍ਹਾਂ ਨੂੰ ਸਰਕਾਰੀ ਕੰਮ ‘ਚ ਵਿਘਨ ਪਾਉਣ ਦੇ ਇਲਜ਼ਾਮਾਂ ‘ਚ ਹਿਰਾਸਤ ‘ਚ ਲੈ ਲਿਆ ਗਿਆ ਅਤੇ ਹੁਣ ਅਦਾਲਤ ‘ਚ ਪੇਸ਼ ਕਰਕੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਜੋਗਿੰਦਰ ਪਾਲ ਦਾ ਆਪਣੇ ਇਲਾਕੇ ‘ਚ ਕਾਫੀ ਦੱਬਦਬਾ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਵੀ ਉਹ ਆਪਣੇ ਗਰਮ ਸੁਭਾ ਕਰਕੇ ਅਕਸਰ ਸੁਰਖੀਆਂ ਬਟੋਰਦੇ ਰਹੇ ਹਨ। ਜਿਸ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਇਲਾਕੇ ‘ਚ ਬਾਹੂਬਲੀ ਨੇਤਾ ਵੀ ਕਿਹਾ ਜਾਂਦਾ ਹੈ।









