ਹਰਜਗਤੇਸ਼ਵਰ ਖਹਿਰਾ ਬਣਿਆ ਟੂਰਨਾਮੈਂਟ ਦਾ ਬੈੱਸਟ ਵਿਕਟਕੀਪਰ
ਯਾਦਵਿੰਦਰਾ ਪਬਲਿਕ ਸਕੂਲ, ਮੁਹਾਲੀ ਨੇ ਬੀ.ਕੇ. ਬਿਰਲਾ ਸੈਂਟਰ ਫਾਰ ਐਜੂਕੇਸ਼ਨ, ਪੁਣੇ ਵਿਖੇ ਹੋਈ ਅੰਡਰ-14 ਆਲ ਇੰਡੀਆ ਆਈ.ਪੀ.ਐਸ.ਸੀ. ਕ੍ਰਿਕਟ ਚੈਂਪੀਅਨਸ਼ਿਪ ਵਿੱਚ ਰਨਰ ਅੱਪ ਟਰਾਫੀ ਜਿੱਤੀ ਲਈ ਹੈ। 20 ਓਵਰਾਂ ਦੇ ਫਾਰਮੈਟ ਵਾਲੇ ਮੁਕਾਬਲਿਆਂ ’ਚ ਪਿਛਲੇ ਸਾਲ ਦੀ ਅੰਡਰ-14 ਚੈਂਪੀਅਨ ਵਾਈ.ਪੀ.ਐਸ. ਮੁਹਾਲੀ ਨੂੰ ਫਾਈਨਲ ਵਿੱਚ ਮਾਡਰਨ ਸਕੂਲ ਬਾਰਾਖੰਬਾ ਰੋਡ, ਨਵੀਂ ਦਿੱਲੀ ਨੇ ਹਰਾ ਦਿੱਤਾ।
ਵਾਈ.ਪੀ.ਐਸ., ਮੁਹਾਲੀ ਦੇ ਡਾਇਰੈਕਟਰ, ਮੇਜਰ ਜਨਰਲ ਟੀ.ਪੀ.ਐਸ. ਵੜੈਚ ਨੇ ਟੀਮ ਅਤੇ ਕੋਚ ਪ੍ਰਵੀਨ ਸਿੰਘਾ ਨੂੰ ਵਧਾਈ ਸੰਦੇਸ਼ ਵਿੱਚ ਕਿਹਾ ਕਿ ਆਲ ਇੰਡੀਆ ਆਈ.ਪੀ.ਐਸ.ਸੀ. ਅੰਡਰ-14 ਕ੍ਰਿਕਟ ਚੈਂਪੀਅਨਸ਼ਿਪ, ਜਿਸ ਵਿੱਚ ਦੇਸ਼ ਦੇ ਚੋਟੀ ਦੇ 21 ਸਕੂਲਾਂ ਨੇ ਭਾਗ ਲਿਆ ਸੀ, ਉਸ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਬੱਚਿਆਂ ਨੇ ਪੰਜਾਬ ਅਤੇ ਵਾਈ.ਪੀ.ਐਸ. ਦੋਵਾਂ ਦਾ ਮਾਣ ਵਧਾਇਆ ਹੈ ।
ਪਹਿਲਾਂ ਟੂਰਨਾਮੈਂਟ ਦੇ ਸੈਮੀ ਫਾਈਨਲ ਮੁਕਾਬਲੇ ਵਿੱਚ ਵਾਈ.ਪੀ.ਐਸ. ਮੁਹਾਲੀ ਨੇ ਮੇਜ਼ਬਾਨ ਬੀ.ਕੇ. ਬਿਰਲਾ ਸੈਂਟਰ ਫਾਰ ਐਜੂਕੇਸ਼ਨ ਨੂੰ 87 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 19 ਓਵਰਾਂ ਵਿੱਚ ਹਰਾ ਦਿੱਤਾ। ਮੇਓ ਕਾਲਜ ਅਜਮੇਰ ਵਿਰੁੱਧ ਕੁਆਰਟਰ ਫਾਈਨਲ ਮੈਚ ਦੌਰਾਨ ਵਾਈ.ਪੀ.ਐਸ. ਮੁਹਾਲੀ ਨੇ ਨਿਰਧਾਰਤ 20 ਓਵਰਾਂ ਵਿੱਚ 121 ਦੌੜਾਂ ਦਾ ਟੀਚਾ ਰੱਖਿਆ, ਪਰ ਮੇਓ ਕਾਲਜ 19 ਓਵਰਾਂ ਵਿੱਚ ਸਿਰਫ਼ 100 ਦੌੜਾਂ ’ਤੇ ਹੀ ਢੇਰ ਹੋ ਗਈ।
ਇਸ ਤੋਂ ਪਹਿਲਾਂ ਲੀਗ ਗੇੜ ਵਿੱਚ ਭਾਗ ਲੈਣ ਵਾਲੀਆਂ 21 ਟੀਮਾਂ ਨੂੰ 5 ਪੂਲਾਂ ਵਿੱਚ ਵੰਡਿਆ ਗਿਆ ਸੀ, ਵਾਈ.ਪੀ.ਐਸ. ਮੋਹਾਲੀ ਅਜੇਤੂ ਰਹੀ, ਪਹਿਲਾ ਮੈਚ ਵਿਚ ਮੋਤੀ ਲਾਲ ਨਹਿਰੂ ਸਪੋਰਟਸ ਸਕੂਲ, ਰਾਏ, ਸੋਨੀਪਤ ਦੇ ਖਿਲਾਫ ਖੇਡਿਆ ਅਤੇ ਉਸਨੂੰ ਮਹਿਜ਼ 71 ਦੌੜਾਂ ਤੱਕ ਨਿਪਟਾ ਦਿੱਤਾ ਅਤੇ ਵਾਈਪੀਐਸ ਨੇ ਸਿਰਫ 16 ਓਵਰਾਂ ਵਿੱਚ ਹੀ ਮਿੱਥਿਆ ਟੀਚਾ ਸਰ ਕਰਕੇ, ਜਿੱਤ ਹਾਸਲ ਕੀਤੀ। ਦੂਜੇ ਲੀਗ ਮੈਚ ਵਿੱਚ ਵਾਈ.ਪੀ.ਐਸ. ਮੁਹਾਲੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ‘ਦ ਡੇਲੀ ਕਾਲਜ ਇੰਦੌਰ ਦੇ ਸਾਹਮਣੇ 170 ਦੌੜਾਂ ਦਾ ਟੀਚਾ ਰੱਖਿਆ, ਪਰ ਡੇਲੀ ਕਾਲਜ ਇੰਦੌਰ ਸਿਰਫ਼ 100 ਦੌੜਾਂ ਹੀ ਬਣਾ ਸਕੀ। ਆਖਰੀ ਲੀਗ ਮੈਚ ਵਿੱਚ ਵਾਈ.ਪੀ.ਐਸ. ਨੇ ਪਾਈਨਗਰੂਵ ਸਕੂਲ ਸੋਲਨ ਸਾਹਮਣੇ 121 ਦੌੜਾਂ ਦਾ ਟੀਚਾ ਰੱਖਿਆ ਜੋ 20 ਓਵਰਾਂ ਵਿੱਚ ਸਿਰਫ਼ 97 ਦੌੜਾਂ ਹੀ ਬਣਾ ਸਕੀ।
ਵਾਈ.ਪੀ.ਐਸ. ਮੋਹਾਲੀ ਦੇ ਕਪਤਾਨ ਹਰਜਗਤੇਸ਼ਵਰ ਸਿੰਘ ਖਹਿਰਾ ਨੂੰ ਟੂਰਨਾਮੈਂਟ ਦਾ ਬੈੱਸਟ ਵਿਕਟਕੀਪਰ ਚੁਣਿਆ ਗਿਆ।
ਖਹਿਰਾ ਨੇ 11 ਖਿਡਾਰੀਆਂ ਨੂੰ ਵਿਕਟ ਦੇ ਪਿੱਛੇ ਆਪਣਾ ਸ਼ਿਕਾਰ ਬਣਾਇਆ ਜਿਸ ਵਿਚ5 ਸਟੰਪਿੰਗ, 5 ਕਾਟ-ਬੀਹਾਈਂਡ, 1 ਰਨ ਆਊਟ ਤੋਂ ਇਲਾਵਾ 4 ਰਨ ਆਊਟ ਵਿੱਚ ਵੀ ਮਦਦ ਕੀਤੀ ।