ਹੈਦਰਾਬਾਦ ਦੇ ਬੰਜਾਰਾ ਹਿਲਸ ‘ਚ Momos ਖਾਣ ਨਾਲ ਔਰਤ ਦੀ ਮੌ.ਤ, ਕਈ ਲੋਕ ਬੀਮਾਰ
ਹੈਦਰਾਬਾਦ ਦੇ ਬੰਜਾਰਾ ਹਿੱਲਸ ਵਿਚ ਸੜਕ ਕੰਢੇ ਇਕ ਠੇਲੇ ਤੋਂ ਮੋਮੋਜ ਖਾਣ ਨਾਲ ਇਕ ਔਰਤ ਦੀ ਮੌਤ ਹੋ ਗਈ ਤੇ 50 ਹੋਰ ਬਿਮਾਰ ਹੋ ਗਏ। ਕੁਝ ਪੀੜਿਤਾਂ ਨੇ ਸੋਮਵਾਰ ਨੂੰ ਬੰਜਾਰਾ ਹਿੱਲਸ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮੋਮੋਜ ਵੇਚਣ ਵਾਲੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਰੇਸ਼ਮਾ ਬੇਗਮ ਦੀ ਮੌਤ
31 ਸਾਲ ਦੀ ਰੇਸ਼ਮਾ ਬੇਗਮ, ਉਨ੍ਹਾਂ ਦੇ ਬੱਚੇ ਤੇ ਸਿੰਗਦਕੁੰਤਾ ਬਸਤੀ ਦੇ ਕੋਈ ਹੋਰ ਲੋਕਾਂ ਨੇ ਸ਼ੁੱਕਰਵਾਰ ਨੂੰ ਮੋਮੋਜ ਖਾਧੇ ਸੀ। ਸ਼ਨੀਵਾਰ ਨੂੰ ਉਨ੍ਹਾਂ ਨੂੰ ਉਲਟੀਆਂ-ਟੱਟੀਆਂ ਦੀ ਸ਼ਿਕਾਇਤ ਹੋ ਗਈ। ਉਹ ਇਲਾਜ਼ ਲਈ ਬੰਜਾਰਾ ਹਿੱਲਸ ਦੇ ਵੱਖ-ਵੱਖ ਹਸਪਤਾਲਾਂ ਵਿਚ ਗਏ। ਰੇਸ਼ਮਾ ਬੇਗਮ ਦੀ ਹਾਲਤ ਗੰਭੀਰ ਹੋਣ ’ਤੇ ਉਸ ਨੂੰ ਨਿਜਾਮ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ਼ ਵਿਚ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਮੋਮੋਜ ਤੋਂ ਇਲਾਵਾ ਮੇਓਨੀਜ਼ ਤੇ ਚਟਨੀ ਦੇ ਕਾਰਣ ਵੀ ਭੋਜਨ ਜ਼ਹਿਰੀਲਾ ਹੋ ਸਕਦਾ ਹੈ।
ਇਸੇ ਦਰਮਿਆਨ ਜ਼ਿਲ੍ਹੇ ਦੇ ਕਸਤੂਰਬਾ ਗਾਂਧੀ ਬਾਲਿਕਾ ਸਕੂਲ ਦੀਆਂ 36 ਵਿਦਿਆਰਥਣਾਂ ਵੀ ਜ਼ਹਿਰੀਲੇ ਭੋਜਨ ਕਾਰਨ ਬਿਮਾਰ ਹੋ ਗਈਆਂ। ਘਟਨਾ ਐਤਵਾਰ ਰਾਤ ਮੁਥਾਰਮ ਮੰਡਲ ਮੁੱਖ ਦਫਤਰ ਵਿਚ ਵਾਪਰੀ । ਸਾਰੀਆਂ ਵਿਦਿਆਰਥਣਾਂ ਨੂੰ ਪੇਦਾਪੱਲੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਮੈਡੀਕਲ ਅਫਸਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਸਾਰੀਆਂ ਵਿਦਿਆਰਥਣਾਂ ਦੀ ਹਾਲਤ ਸਥਿਰ ਹੈ।