ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਿੱਚ ਸ਼ਾਮਿਲ ਜਥੇਬੰਦੀਆਂ ਦੀ ਮੀਟਿੰਗ ਲੁਧਿਆਣਾ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਹਰਦੇਵ ਸਿੰਘ ਸੰਧੂ, ਜਗਮਨਦੀਪ ਸਿੰਘ ਪੜ੍ਹੀ, ਹਰਬੰਸ ਸਿੰਘ ਸੰਘਾ ਅਤੇ ਗੁਰਵਿੰਦਰ ਸਿੰਘ ਬੱਲੋਂ ਨੇ ਕੀਤੀ।
ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਪ੍ਰਧਾਨਗੀ ਮੰਡਲ ਨੇ ਦੱਸਿਆ ਕਿ ਮੀਟਿੰਗ ਵਿੱਚ ਸਾਰੀਆਂ ਜਥੇਬੰਦੀਆਂ ਨੇ ਕਿਸਾਨ ਮਜ਼ਦੂਰ ਮਹਾਂਪੰਚਾਇਤ ਦੀ ਤਿਆਰੀ ਲਈ ਆਪੋ ਆਪਣੀ ਜਥੇਬੰਦੀ ਦੀਆਂ ਤਿਆਰੀਆਂ ਦੀ ਰਿਪੋਰਟ ਕੀਤੀ।
ਇਸ ਅਨੁਸਾਰ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਮਰਦ ਅਤੇ ਬੀਬੀਆਂ 13 ਮਾਰਚ ਨੂੰ ਰੇਲਾਂ ਅਤੇ ਹੋਰ ਸਾਧਨਾਂ ਰਾਹੀਂ ਦਿੱਲੀ ਵੱਲ ਕੂਚ ਕਰਨਗੇ।
ਦਿੱਲੀ ਪਹੁੰਚਣ ਵਾਲੇ ਕਿਸਾਨਾਂ ਮਜ਼ਦੂਰਾਂ ਲਈ ਲੰਗਰ ਅਤੇ ਸਟੇਜ ਵਗੈਰਾ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਜੇਕਰ ਸਰਕਾਰ ਰੇਲਾਂ ਰੋਕਦੀ ਹੈ ਜਾਂ ਗੱਡੀਆਂ ਰਾਹੀਂ ਜਾਣ ਵਾਲਿਆਂ ਨੂੰ ਬਾਰਡਰਾਂ ਤੇ ਰੋਕਦੀ ਹੈ ਤਾਂ ਜਿੱਥੇ ਵੀ ਕਿਸੇ ਨੂੰ ਰੋਕਿਆ ਜਾਂਦਾ ਹੈ, ਉੱਥੇ ਹੀ 14 ਮਾਰਚ ਦੀ ਸ਼ਾਮ ਦੇ ਚਾਰ ਵਜੇ ਤੱਕ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਭਾਜਪਾ ਸਰਕਾਰ ਨੂੰ ਇਸ ਜ਼ਬਰ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਭਾਜਪਾ ਦੇ ਵਿਰੋਧ ਦਾ ਸੱਦਾ ਦਿੱਤਾ ਜਾਵੇਗਾ। ਜੇਕਰ ਕੋਈ ਸਮੱਸਆ ਆਉਂਦੀ ਹੈ ਤਾਂ ਪ੍ਰਧਾਨਗੀ ਮੰਡਲ ਫੈਸਲਾ ਲੈਣ ਲਈ ਅਧਿਕਾਰਤ ਹੋਵੇਗਾ।
ਮੀਟਿੰਗ ਨੇ ਸਰਬਸੰਮਤੀ ਨਾਲ ਪੰਜਾਬ ਸਰਕਾਰ ਵੱਲੋਂ ਮਜ਼ਦੂਰ ਆਗੂਆਂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਗਿਰਫ਼ਤਾਰ ਕਰਨ, ਮਜ਼ਦੂਰਾਂ ਤੇ ਲਾਠੀਚਾਰਜ ਕਰਨ ਅਤੇ ਦਫ਼ਤਰ ਨੂੰ ਤਾਲਾ ਲਾਉਣ ਦੀ ਸਖ਼ਤ ਨਿਖੇਧੀ ਕੀਤੀ। ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਅਤੇ ਹੋਰ ਵਿਧਾਇਕਾਂ ਵੱਲੋਂ ਪੱਤਰਕਾਰਾਂ ਨੂੰ ਧਮਕੀਆਂ ਦੇਣ ਦੀ ਨਿਖੇਧੀ ਕਰਦਿਆਂ ਇਸ ਨੂੰ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਕਰਾਰ ਦਿੱਤਾ।
ਮੀਟਿੰਗ ਵਿੱਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਸਤਨਾਮ ਸਿੰਘ ਅਜਨਾਲਾ, ਡਾਕਟਰ ਦਰਸ਼ਨ ਪਾਲ, ਸੁਖਦੇਵ ਸਿੰਘ ਅਰਾਈਆਂਵਾਲਾ, ਮੁਕੇਸ਼ ਚੰਦਰ, ਜੰਗਵੀਰ ਸਿੰਘ ਚੌਹਾਨ, ਮਨਜੀਤ ਸਿੰਘ ਧਨੇਰ, ਕਿਰਨਜੀਤ ਸੇਖੋਂ, ਪ੍ਰੇਮ ਸਿੰਘ ਭੰਗੂ, ਸੁੱਖ ਗਿੱਲ ਮੋਗਾ, ਗੁਰਪ੍ਰੀਤ ਸਿੰਘ ਸਾਹਾਬਾਣਾ, ਵੀਰਪਾਲ ਸਿੰਘ ਢਿੱਲੋਂ, ਬਿੰਦਰ ਸਿੰਘ ਗੋਲੇਵਾਲਾ, ਬੂਟਾ ਸਿੰਘ ਸ਼ਾਦੀਪੁਰ, ਰੁਲਦੂ ਸਿੰਘ ਮਾਨਸਾ, ਬੋਘ ਸਿੰਘ ਮਾਨਸਾ, ਰੂਪ ਬਸੰਤ ਸਿੰਘ, ਬੂਟਾ ਸਿੰਘ ਬੁਰਜ ਗਿੱਲ, ਰਮਿੰਦਰ ਸਿੰਘ ਪਟਿਆਲਾ, ਬਲਕਰਨ ਸਿੰਘ ਬਰਾੜ ਸ਼ਾਮਲ ਸਨ।