ਗੁਰਦਾਸਪੁਰ : ਰਾਵੀ ਦਰਿਆ ‘ਚ ਪਾਣੀ ਦਾ ਪੱਧਰ ਵਧ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਲਗਾਤਾਰ ਪਾਣੀ ਦਾ ਰਾਵੀ ਦਰਿਆ ਚ ਵਹਾਅ ਤੇਜ਼ ਹੋ ਰਿਹਾ ਹੈ ਜਿਸ ਕਾਰਨ ਗੁਰਦਾਸਪੁਰ ਜ਼ਿਲ੍ਹੇ ਦੇ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਸਿੱਟੇ ਵਜੋਂ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਰਾਵੀ ਦਰਿਆ ਦੇ ਕੰਡੇ ਤੇ ਅਤੇ ਦਰਿਆ ਦੇ ਨੇੜਲੇ ਖੇਤਾਂ ਚ ਪਾਣੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ।
ਪਿੰਡ ਕੋਨੇ ਵਾਲ ਵਿਖੇ ਰਾਵੀ ਦਰਿਆ ਤੇ ਬਣੇ ਪੱਕੇ ਪੁਲ ਦੇ ਨੇੜੇ ਸੜਕ ‘ਤੇ ਵੱਡਾ ਪਾੜ ਪੈਣ ਨਾਲ ਸਥਾਨਿਕ ਲੋਕਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਜਿੱਥੇ ਇਸ ਪਾੜ ਪੈਣ ਨਾਲ ਕਈ ਲੋਕ ਫਸੇ ਹਨ ਜਿਹਨਾਂ ਦੇ ਬਚਾਅ ਕਾਰਜ ਲਈ ਆਰਮੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਜੁਟਿਆ ਹੈ ਉੱਥੇ ਹੀ ਇਹ ਵਿਸ਼ੇਸ਼ ਹੈ ਕਿ ਰਾਵੀ ਦਰਿਆ ਤੋਂ ਪਾਰ ਅਤੇ ਭਾਰਤ ਪਾਕਿਸਤਾਨ ਸਰਹੱਦ ਤੇ ਵਸੇ ਕੰਡਿਆਲੀ ਤਾਰ ਨੇੜੇ ਵੱਖ ਵੱਖ ਪਿੰਡਾਂ ਦਾ ਸੰਪਰਕ ਜ਼ਿਲ੍ਹੇ ਨਾਲ ਟੁੱਟ ਚੁਕਾ ਹੈ। ਇਸ ਇਲਾਕੇ ਦੇ ਲੋਕਾਂ ਲਈ ਅੱਜ ਦੀ ਰਾਤ ਜਿਵੇਂ ਉਜਾੜੇ ਦੀ ਰਾਤ ਸਾਬਿਤ ਹੋ ਰਹੀ ਹੈ।
ਉੱਥੇ ਹੀ ਤਾਜ਼ਾ ਜਾਣਕਾਰੀ ਅਨੁਸਾਰ ਦੇਰ ਰਾਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸਹਾਕ ਸੜਕ ਤੇ ਪਏ ਇਸ ਪਾੜ ਦਾ ਖ਼ੁਦ ਜਾਇਜ਼ਾ ਲੈਣ ਪਹੁੰਚੇ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਜਲਦੀ ਤੋ ਜਲਦੀ ਇਸ ਦਾ ਹੱਲ ਕੱਢਣ ਦੇ ਨਿਰਦੇਸ਼ ਦਿੱਤੇ ਹਨ। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਰਣਜੀਤ ਸਾਗਰ ਡੈਮ ਦੇ ਅਧਿਕਾਰੀਆਂ ਵਲੋ ਸੂਚਿਤ ਕੀਤਾ ਗਿਆ ਹੈ ਕੱਲ 17 ਅਗਸਤ ਨੂੰ ਸਵੇਰੇ 8 ਵਜੇ ਦੇ ਕਰੀਬ ਡੈਮ ਵਿੱਚੋਂ ਪਾਣੀ ਛੱਡਿਆ ਜਾਵੇਗਾ, ਜੋ ਕਰੀਬ 3 ਜਾਂ 4 ਘੰਟਿਆਂ ਬਾਅਦ ਗੁਰਦਾਸਪੁਰ ਜਿਲ੍ਹੇ ਨਾਲ ਲੱਗਦੇ ਰਾਵੀ ਦਰਿਆ ਵਿੱਚ ਪਹੁੰਚੇਗਾ।
ਡਿਪਟੀ ਕਮਿਸ਼ਨਰ ਨੇ ਰਾਵੀ ਦਰਿਆ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਦਰਿਆ ਨੇੜਲੇ ਨੀਵੇਂ ਖੇਤਾਂ/ਇਲਾਕੇ ਵਿੱਚ ਜਾਣ ਤੋਂ ਗੁਰੇਜ਼ ਕਰਨ। ਡਿਪਟੀ ਕਮਿਸ਼ਨਰ ਵਲੋਂ ਕੱਸੋਵਾਲ ਪੁੱਲ ਤੋਂ ਭਾਰਤ ਵਾਲੇ ਪਾਸੇ ਪਿੰਡ ਦੋਨੇਵਾਲ ਤੋਂ ਆਉਂਦੀ ਸੜਕ ਵਿੱਚ ਪਏ ਪਾੜ ਦਾ ਜਾਇਜ਼ਾ ਲਿਆ ਅਤੇ ਦੇਰ ਰਾਤ ਆਪਣੀ ਮੌਜੂਦਗੀ ਵਿਚ ਸਬੰਧਤ ਵਿਭਾਗਾਂ ਵਲੋਂ ਪਾੜ ਪੂਰਨ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਹੋਰ ਤੇਜ਼ੀ ਲਿਆਉਣ ਲਈ ਕਿਹਾ।