7 ਰਾਜਾਂ ਦੀਆਂ 13 ਵਿਧਾਨ ਸਭਾ ਸੀਟਾਂ ‘ਤੇ ਉਪ ਚੋਣਾਂ ਲਈ ਹੋ ਰਹੀ ਹੈ ਵੋਟਿੰਗ
ਮੱਧ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ ਸਮੇਤ 7 ਰਾਜਾਂ ਦੀਆਂ 13 ਵਿਧਾਨ ਸਭਾ ਸੀਟਾਂ ‘ਤੇ ਉਪ ਚੋਣਾਂ ਲਈ 10 ਜੁਲਾਈ ਨੂੰ ਵੋਟਿੰਗ ਹੋ ਰਹੀ ਹੈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ, ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਨਤੀਜੇ 13 ਜੁਲਾਈ ਨੂੰ ਐਲਾਨੇ ਜਾਣਗੇ। 10 ਸੀਟਾਂ ਵਿਧਾਇਕਾਂ ਦੇ ਅਸਤੀਫੇ ਕਾਰਨ ਅਤੇ 3 ਸੀਟਾਂ ਮੌਜੂਦਾ ਵਿਧਾਇਕ ਦੀ ਮੌਤ ਕਾਰਨ ਖਾਲੀ ਹੋ ਗਈਆਂ ਸਨ।
ਇਹ ਵੀ ਪੜ੍ਹੋ: ਜਲੰਧਰ ਪੱਛਮੀ ਉਪ ਚੋਣ -ਵੋਟਰਾਂ ਦੀ ਸਹੂਲਤ ਲਈ ਵਿਸ਼ੇਸ਼ ਉਪਰਾਲਾ
ਇਨ੍ਹਾਂ 13 ਸੀਟਾਂ ‘ਚੋਂ ਪਿਛਲੀ ਵਾਰ ਬੰਗਾਲ ਦੀਆਂ 3 ਸੀਟਾਂ ਭਾਜਪਾ ਨੇ ਜਿੱਤੀਆਂ ਸਨ। ਬਾਕੀ 10 ਵਿੱਚੋਂ ਕਾਂਗਰਸ ਨੇ 2 ਸੀਟਾਂ ਤੇ ਹੋਰ ਪਾਰਟੀਆਂ ਨੇ 8 ਸੀਟਾਂ ਜਿੱਤੀਆਂ ਸਨ। ਲੋਕ ਸਭਾ ਚੋਣਾਂ ‘ਚ ਬਹੁਮਤ ਤੋਂ ਘੱਟ ਰਹਿਣ ਕਾਰਨ ਭਾਜਪਾ ਪਾਰਟੀ ਦਾ ਮਨੋਬਲ ਉੱਚਾ ਚੁੱਕਣ ਲਈ ਜ਼ਿਮਨੀ ਚੋਣਾਂ ‘ਚ ਜ਼ੋਰ-ਸ਼ੋਰ ਨਾਲ ਆਪਣਾ ਦਾਅਵਾ ਪੇਸ਼ ਕਰ ਰਹੀ ਹੈ। ਵਿਰੋਧੀ ਪਾਰਟੀਆਂ ਲੋਕ ਸਭਾ ਚੋਣਾਂ ਦੀ ਕਾਮਯਾਬੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਪਿੰਡ ਦੇ ਲੋਕ ਪਹਿਲੀ ਵਾਰ ਈਵੀਐਮ ਰਾਹੀਂ ਪਾ ਰਹੇ ਹਨ ਵੋਟ
ਉੱਤਰਾਖੰਡ ‘ਚ ਬਦਰੀਨਾਥ ਵਿਧਾਨ ਸਭਾ ‘ਚ ਉਪ ਚੋਣ ਲਈ ਵੋਟਿੰਗ ਹੋ ਰਹੀ ਹੈ। ਜ਼ਿਮਨੀ ਚੋਣ ਵਿੱਚ ਸਭ ਤੋਂ ਖਾਸ ਗੱਲ ਇਹ ਹੈ ਕਿ ਪਿੰਡ ਮਾਨਾ, ਨੀਤੀ ਅਤੇ ਡਰੋਂਗਿਰੀ ਦੇ ਲੋਕ ਪਹਿਲੀ ਵਾਰ ਆਪਣੇ ਪਿੰਡ ਵਿੱਚ ਈਵੀਐਮ ਰਾਹੀਂ ਵੋਟ ਪਾ ਰਹੇ ਹਨ।
12 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਿਤ ਹੈ ਪਿੰਡ
ਦਰੋਣਾਗਿਰੀ ਪਿੰਡ 12 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਿਤ ਹੈ। ਇੱਥੇ ਪਹੁੰਚਣ ਲਈ ਪੋਲਿੰਗ ਪਾਰਟੀਆਂ ਪਹਿਲਾਂ ਜ਼ਿਲ੍ਹਾ ਹੈੱਡਕੁਆਰਟਰ ਗੋਪੇਸ਼ਵਰ ਤੋਂ ਕਾਰ ਰਾਹੀਂ 100 ਕਿਲੋਮੀਟਰ ਦਾ ਸਫ਼ਰ ਤੈਅ ਕਰਦੀਆਂ ਹਨ। ਇਸ ਤੋਂ ਬਾਅਦ 10 ਕਿਲੋਮੀਟਰ ਦੀ ਦੂਰੀ ਪੈਦਲ ਤੈਅ ਕੀਤੀ ਜਾਂਦੀ ਹੈ। ਇਸ ਪਿੰਡ ਵਿੱਚ 3838 ਵੋਟਰ ਰਜਿਸਟਰਡ ਹਨ।