ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਲਈ ਅੱਜ ਵੋਟਾਂ ਪੈ ਰਹੀਆਂ ਹਨ। ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਸ਼ਾਮ 5 ਵਜੇ ਤੱਕ ਹੋਵੇਗੀ। ਸੂਬੇ ਦੀਆਂ 68 ਸੀਟਾਂ ‘ਤੇ ਇੱਕੋ ਪੜਾਅ ‘ਚ ਹੋ ਰਹੀਆਂ ਚੋਣਾਂ ‘ਚ 412 ਉਮੀਦਵਾਰ ਮੈਦਾਨ ‘ਚ ਹਨ। ਚੋਣ ਨਤੀਜੇ 8 ਦਸੰਬਰ ਨੂੰ ਜਾਰੀ ਕੀਤੇ ਜਾਣਗੇ। ਸੂਬੇ ਵਿੱਚ ਕੁੱਲ 55,92,828 ਵੋਟਰ ਹਨ। ਇਨ੍ਹਾਂ ਵਿੱਚੋਂ 28,54,945 ਪੁਰਸ਼ ਅਤੇ 27,37,845 ਮਹਿਲਾ ਵੋਟਰ ਹਨ। ਪੀਐਮ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਸੀਐਮ ਜੈਰਾਮ ਠਾਕੁਰ ਅਤੇ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਸਮੇਤ ਕਈ ਨੇਤਾਵਾਂ ਨੇ ਜਨਤਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ।
ਹਿਮਾਚਲ ਅਤੇ ਗੁਜਰਾਤ ‘ਚ ਭਾਜਪਾ ਦੀ ਸਰਕਾਰ ਬਣੇਗੀ :ਅਨੁਰਾਗ ਠਾਕੁਰ
ਕੇਂਦਰੀ ਮੰਤਰੀ ਅਤੇ ਹਮੀਰਪੁਰ ਤੋਂ ਭਾਜਪਾ ਸੰਸਦ ਅਨੁਰਾਗ ਠਾਕੁਰ ਨੇ ਕਿਹਾ ਕਿ ਉੱਤਰਾਖੰਡ, ਯੂਪੀ, ਮਨੀਪੁਰ ਅਤੇ ਗੋਆ ਤੋਂ ਬਾਅਦ ਅਸੀਂ ਗੁਜਰਾਤ ਅਤੇ ਹਿਮਾਚਲ ਵਿੱਚ ਫਿਰ ਤੋਂ ਸਰਕਾਰ ਬਣਾਵਾਂਗੇ। ਕਾਂਗਰਸ ਨੂੰ ਝੂਠੇ ਵਾਅਦੇ ਕਰਨ ਦੀ ਆਦਤ ਹੈ ਅਤੇ ਜਨਤਾ ਇਸ ਦਾ ਅਸਲੀ ਚਿਹਰਾ ਜਾਣਦੀ ਹੈ।
ਹਿਮਾਚਲ ਪ੍ਰਦੇਸ਼ ਦੇ ਸਾਬਕਾ ਸੀਐਮ ਪ੍ਰੇਮ ਕੁਮਾਰ ਧੂਮਲ ਅਤੇ ਉਨ੍ਹਾਂ ਦੇ ਪੁੱਤਰ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਆਪਣੇ ਪੂਰੇ ਪਰਿਵਾਰ ਸਮੇਤ ਵੋਟ ਪਾਈ ਹੈ। ਉਨ੍ਹਾਂ ਨੇ ਹਮੀਰਪੁਰ ਜ਼ਿਲ੍ਹੇ ਦੇ ਸਮੀਰਪੁਰ ਵਿੱਚ ਇੱਕ ਪੋਲਿੰਗ ਸਟੇਸ਼ਨ ‘ਤੇ ਵੋਟ ਪਾਈ ਹੈ।
ਹਿਮਾਚਲ ਪ੍ਰਦੇਸ਼ ਵਿੱਚ ਸਵੇਰੇ 9 ਵਜੇ ਤੱਕ 4.36% ਵੋਟਿੰਗ ਦਰਜ ਕੀਤੀ ਗਈ ਹੈ। ਸ਼ਿਮਲਾ ਵਿੱਚ 4.36%, ਕਾਂਗੜਾ ਵਿੱਚ 3.76%, ਸੋਲਨ ਵਿੱਚ 4.90%, ਚੰਬਾ ਵਿੱਚ 2.64%, ਹਮੀਰਪੁਰ ਵਿੱਚ 5.61%, ਸਿਰਮੌਰ ਵਿੱਚ 4.89%। ਕੁੱਲੂ ਵਿੱਚ 3.74%, ਲਾਹੌਲ ਸਪਿਤੀ ਵਿੱਚ 1.56%, ਊਨਾ ਵਿੱਚ 4.23%, ਕਿਨੌਰ ਵਿੱਚ 2.50%, ਮੰਡੀ ਵਿੱਚ 6.24% ਅਤੇ ਬਿਲਾਸਪੁਰ ਵਿੱਚ 2.35% ਵੋਟਿੰਗ ਹੋਈ ਹੈ।
ਹਮੀਰਪੁਰ ਜ਼ਿਲੇ ਦੇ ਨਾਦੌਨ ਵਿਧਾਨ ਸਭਾ ਹਲਕੇ ਦੇ ਪਖਰੋਲ ਪੋਲਿੰਗ ਸਟੇਸ਼ਨ ‘ਤੇ ਈਵੀਐਮ ਮਸ਼ੀਨ ਖਰਾਬ ਹੋਣ ਦੀ ਖਬਰ ਹੈ। ਇੱਥੇ ਕਰੀਬ 40 ਮਿੰਟ ਤੱਕ ਵੋਟਿੰਗ ਰੁਕੀ ਰਹੀ। ਵੋਟਰ ਲਾਈਨ ਵਿੱਚ ਖੜ੍ਹੇ ਹਨ। ਲੋਕ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ‘ਤੇ ਸਵਾਲ ਉਠਾ ਰਹੇ ਹਨ। ਹੁਣ ਤੱਕ ਇੱਥੇ 107 ਵੋਟਰ ਆਪਣੀ ਵੋਟ ਪਾ ਚੁੱਕੇ ਹਨ। ਅਧਿਕਾਰੀ ਨੇ ਦੱਸਿਆ ਕਿ ਵੀਵੀਪੀਏਟੀ ਮਸ਼ੀਨ ਵਿੱਚ ਤਕਨੀਕੀ ਨੁਕਸ ਪੈਣ ਕਾਰਨ ਇਹ ਪ੍ਰਕਿਰਿਆ ਰੁਕ ਗਈ ਹੈ, ਜਿਸ ਨੂੰ ਜਲਦੀ ਠੀਕ ਕਰ ਲਿਆ ਜਾਵੇਗਾ।