ਚੰਡੀਗੜ੍ਹ ਯੂਨੀਵਰਸਿਟੀ ਇਤਰਾਜ਼ਯੋਗ ਵੀਡੀਓ ਮਾਮਲੇ ‘ਚ ਪੁਲਿਸ ਵੱਲੋਂ ਜਾਂਚ ਦੇ ਭਰੋਸੇ ਤੋਂ ਬਾਅਦ ਵਿਦਿਆਰਥੀਆਂ ਨੇ ਦੇਰ ਰਾਤ ਆਪਣਾ ਧਰਨਾ ਖ਼ਤਮ ਕਰ ਦਿੱਤਾ। ਵਿਦਿਆਰਥੀਆਂ ਨੇ ਧਰਨਾ ਖ਼ਤਮ ਕਰਨ ਲਈ ਆਪਣੀਆਂ ਕੁੱਝ ਮੰਗਾਂ ਵੀ ਰੱਖੀਆਂ ਜਿਸ ਵਿੱਚ ਹੋਸਟਲ ਵਿੱਚ ਸਹੂਲਤਾਂ ਅਤੇ ਸਮੇਂ ਨੂੰ ਲੈ ਕੇ ਸ਼ਰਤਾਂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮੰਨ ਲਈਆਂ ਗਈਆਂ ਹਨ।
ਇਕ ਵਿਦਿਆਰਥਣ ਵੱਲੋਂ ਲੜਕੀਆਂ ਦੀ ਵੀਡੀਓ ਵਾਇਰਲ ਕਰਨ ਦੇ ਮਾਮਲੇ ਵਿਚ ਮੁਲਜ਼ਮ ਲੜਕੀ ਸਮੇਤ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਸ਼ਿਮਲਾ ਤੋਂ ਗਿਰਫ਼ਤਾਰ ਕਰ ਲਿਆ ਹੈ। ਇਹ ਦੋ ਮੁਲਜ਼ਮ ਸ਼ਿਮਲਾ ਦੇ ਰੋਹੜੂ ਅਤੇ ਢੱਲੀ ਤੋਂ ਗਿਰਫ਼ਤਾਰ ਕੀਤਾ ਹੈ। ਇੱਕ ਮੁਲਜ਼ਮ ਟਰੈਵਲ ਏਜੈਂਟ ਹੈ ਅਤੇ ਦੂਜਾ ਬੇਕਰੀ ਉੱਤੇ ਕੰਮ ਕਰਦਾ ਹੈ। ਪੰਜਾਬ ਪੁਲਿਸ ਦੀ ਬੇਨਤੀ ਉੱਤੇ ਹਿਮਾਚਲ ਪੁਲਿਸ ਨੇ ਮੁਲਜ਼ਮਾਂ ਨੂੰ ਡੀਟੇਨ ਕਰ ਲਿਆ ਸੀ। ਮਾਮਲਾ ਧਾਰਾ 354 ਅਤੇ ਆਈ ਟੀ ਐਕਟ ਦੀ ਧਾਰਾ 66 ਤਹਿਤ ਦਰਜ ਕੀਤਾ ਗਿਆ ਹੈ। ਯੂਨੀਵਰਸਿਟੀ ਨੇ ਵਿਦਿਆਰਥੀਆਂ ਦੀ ਅੱਜ ਤੋਂ ਇੱਕ ਹਫ਼ਤੇ ਦੀ ਛੁੱਟੀ ਵੀ ਐਲਾਨ ਕਰ ਦਿੱਤੀ ਹੈ।