ਚੰਡੀਗੜ੍ਹ: ਬੀਤੇ ਦਿਨੀ ਮੁੱਖ ਮੰਤਰੀ ਮਾਨ ਦੇ ਹੈਲੀਪੈਡ ਨੇੜੇਂ ਤੋਂ ਬੰਬ ਮਿਲਿਆ ਸੀ। ਚੰਡੀਮੰਦਰ ਸਥਿਤ ਪੱਛਮੀ ਕਮਾਂਡ ਦੇ ਕਰਨਲ ਸੰਧੂ ਬੰਬ ਡਿਫਿਊਜ਼ ਟੀਮ ਨਾਲ ਆਏ ਹੋਏ ਸਨ। ਟੀਮ ਨੇ ਰੋਬੋਟਿਕ ਜਾਂਚ ਤੋਂ ਬਾਅਦ ਫ਼ੈਸਲਾ ਕੀਤਾ ਕਿ ਇਸ ਨੂੰ ਇੱਥੇ ਡਿਫਿਊਜ਼ ਨਹੀਂ ਕੀਤਾ ਜਾਵੇਗਾ। ਬਾਅਦ ‘ਚ ਫ਼ੌਜ ਦੇ ਅਧਿਕਾਰੀਆਂ ਨੇ ਆਪਣਾ ਫ਼ੈਸਲਾ ਬਦਲ ਲਿਆ ਅਤੇ ਤਕਨੀਕੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਬੰਬ ਨੂੰ ਸੁਰੱਖਿਅਤ ਰੂਪ ‘ਚ ਚੰਡੀਮੰਦਰ ਲੈ ਗਏ। ਫ਼ੌਜ ਦੀ ਬੰਬ ਡਿਫਿਊਜ਼ ਟੀਮ ਬੰਬ ਸ਼ੈੱਲ ਦੀ ਜਾਂਚ ਕਰਨ ਤੋਂ ਬਾਅਦ ਇਸ ਨੂੰ ਡਿਫਿਊਜ਼ ਕਰੇਗੀ। ਇਸ ਸੰਬੰਧੀ ਜਾਂਚ ਜਾਰੀ ਹੈ। ਜਾਂਚ ਰਾਹੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹ ਬੰਬ ਇੱਥੇ ਕਿਸ ਤਰ੍ਹਾਂ ਆਇਆ।
ਦੱਸ ਦਈਏ ਕਿ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਕੁੱਝ ਦੂਰੀ ‘ਤੇ ਨਇਆਗਾਓਂ ਕਾਂਸਲ ਟੀ-ਪੁਆਇੰਟ ਨੇੜੇ ਅੰਬ ਦੇ ਬਾਗ ‘ਚ ਸੋਮਵਾਰ ਦੁਪਹਿਰ ਬੰਬ ਮਿਲਣ ਨਾਲ ਹੜਕੰਪ ਮਚ ਗਿਆ। ਜਿਸ ਥਾਂ ਤੋਂ ਬੰਬ ਮਿਲਿਆ ਉਹ ਥਾਂ ਉੱਥੋਂ ਮੁੱਖ ਮੰਤਰੀ ਦਾ ਹੈਲੀਪੈਡ 500 ਮੀਟਰ ਦੀ ਦੂਰੀ ‘ਤੇ ਹੈ। ਇਲਾਕੇ ਦੇ ਨੇੜੇ ਹੀ ਪੰਜਾਬ ਤੇ ਹਰਿਆਣਾ ਦੇ ਵਿਧਾਨ ਸਭਾ ਭਵਨ, ਸਕੱਤਰੇਤ, ਹਾਈਕੋਰਟ ਤੇ ਮੁੱਖ ਮੰਤਰੀ ਦੀ ਰਿਹਾਇਸ਼ ਹੈ।
ਪਹਿਲਾਂ ਬੰਬ ਦੇ ਸ਼ੈੱਲ ਨੂੰ ਡਿਫਿਊਜ਼ ਕਰਨ ਲਈ ਪੂਰੀ ਯੋਜਨਾ ਤਿਆਰ ਕੀਤੀ ਗਈ ਸੀ। ਬਾਅਦ ‘ਚ ਪਤਾ ਲੱਗਾ ਕਿ ਜੇਕਰ ਇੱਥੇ ਬੰਬ ਸ਼ੈੱਲ ਡਿਫਿਊਜ਼ ਕੀਤਾ ਤਾਂ ਇਹ 100 ਮੀਟਰ ਤੱਕ ਦੇ ਖੇਤਰ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਦੇ ਨਾਲ ਹੀ ਬੰਬ ਸ਼ੈੱਲ ਤੋਂ ਕੁੱਝ ਦੂਰੀ ’ਤੇ ਪੰਜਾਬ ਅਤੇ ਹਰਿਆਣਾ ਸੀ. ਐੱਮ. ਹਾਊਸ ਹਨ। ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਸਕੱਤਰੇਤ ਵੀ ਹਨ, ਜਿਸ ਕਾਰਨ ਫ਼ੌਜ ਦੇ ਜਵਾਨ ਬੰਬ ਸ਼ੈੱਲ ਆਪਣੇ ਨਾਲ ਲੈ ਗਏ ਅਤੇ ਹੁਣ ਇਸ ਨੂੰ ਸੁਰੱਖਿਅਤ ਥਾਂ ’ਤੇ ਡਿਫਿਊਜ਼ ਕਰਨਗੇ।