ਪਟਿਆਲਾ ‘ਚ ਨਹਿਰ ‘ਚ ਡੁੱਬਣ ਕਾਰਨ 2 ਨੌਜਵਾਨਾਂ ਦੀ ਹੋਈ ਮੌਤ
ਪਟਿਆਲਾ ‘ਚ ਤੈਰਨਾ ਨਾ ਆਉਣ ਕਾਰਨ ਇਕ ਨੌਜਵਾਨ ਨੂੰ ਉਸਦੇ ਦੋਸਤਾਂ ਵੱਲੋਂ ਭਾਖੜਾ ਨਹਿਰ ‘ਚ ਨਹਾਉਣ ਲਈ ਮਜਬੂਰ ਕਰ ਦਿੱਤਾ ਗਿਆ। ਨਹਿਰ ਵਿੱਚ ਵੜੇ 19 ਸਾਲਾ ਗੁਰਦਾਸ ਨੂੰ ਬਚਾਉਣ ਲਈ ਉਸਦਾ ਚਚੇਰਾ ਭਰਾ ਅਰਸ਼ਦੀਪ ਸਿੰਘ ਵੀ ਨਹਿਰ ਵਿੱਚ ਵੜ ਗਿਆ।
ਆਪਣੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਅਰਸ਼ਦੀਪ ਸਿੰਘ ਵੀ ਡੁੱਬ ਗਿਆ, ਉਨ੍ਹਾਂ ਦੀਆਂ ਲਾਸ਼ਾਂ ਨੂੰ ਨਹਿਰ ‘ਚੋਂ ਕੱਢ ਕੇ ਪੁਲਸ ਨੇ ਦੋਸ਼ੀ ਤਿੰਨਾਂ ਦੋਸਤਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਨੇ ਮ੍ਰਿਤਕ ਗੁਰਦਾਸ ਸਿੰਘ ਦੇ ਪਿਤਾ ਜਸਵਿੰਦਰ ਸਿੰਘ ਦੇ ਬਿਆਨਾਂ ’ਤੇ ਨਿਰਮਲ ਸਿੰਘ, ਹਰਦੀਪ ਸਿੰਘ ਅਤੇ ਮਨਵੀਰ ਸਿੰਘ ਵਾਸੀ ਸੰਗਰੂਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ; ਫੌਜ ਦੀ ਤਿਆਰੀ ਕਰ ਰਹੇ ਨੌਜਵਾਨ ਨੇ ਕੀਤੀ ਖੁਦ.ਕੁਸ਼ੀ || Punjab News
ਐਫਆਈਆਰ ਅਨੁਸਾਰ ਆਈਟੀਆਈ ਦਾ ਵਿਦਿਆਰਥੀ ਗੁਰਦਾਸ ਸਿੰਘ ਆਪਣੀ ਮਾਸੀ ਦੇ ਲੜਕੇ ਅਰਸ਼ਦੀਪ ਸਿੰਘ ਨਾਲ 26 ਜੂਨ ਨੂੰ ਪੇਪਰ ਦੇਣ ਗਿਆ ਸੀ। ਗੁਰਦਾਸ ਨੇ ਆਪਣੇ ਪਿਤਾ ਨੂੰ ਫੋਨ ਕਰਕੇ ਦੱਸਿਆ ਕਿ ਸਵੇਰ ਦਾ ਇਮਤਿਹਾਨ ਖਤਮ ਹੋ ਗਿਆ ਹੈ ਅਤੇ ਹੁਣ ਪੇਪਰ ਸ਼ਾਮ ਨੂੰ ਦੇਣਾ ਹੈ।
ਇਸ ਦੌਰਾਨ ਦੋਵੇਂ ਭਰਾ ਆਪਣੇ ਤਿੰਨ ਦੋਸਤਾਂ ਨਾਲ ਭਾਖੜਾ ਨਹਿਰ ’ਤੇ ਪੁੱਜੇ, ਜਿੱਥੇ ਜਦੋਂ ਬਾਕੀ ਲੋਕ ਨਹਾਉਣ ਲੱਗੇ ਤਾਂ ਗੁਰਦਾਸ ਨੇ ਕਿਹਾ ਕਿ ਉਸ ਨੂੰ ਤੈਰਨਾ ਨਹੀਂ ਆਉਂਦਾ। ਇਸ ਤੋਂ ਬਾਅਦ ਵੀ ਮੁਲਜ਼ਮਾਂ ਨੇ ਉਸ ਨੂੰ ਜ਼ਬਰਦਸਤੀ ਨਹਿਰ ਵਿੱਚ ਉਤਾਰ ਦਿੱਤਾ, ਜਿੱਥੇ ਉਸ ਨੂੰ ਡੁੱਬਦਾ ਦੇਖ ਕੇ ਭਰਾ ਅਰਸ਼ਦੀਪ ਸਿੰਘ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਡੁੱਬ ਗਿਆ।
ਫੜੇ ਗਏ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਗੁਰਦਾਸ ਮਜ਼ਾਕ ਕਰ ਰਿਹਾ ਹੈ। ਘੱਗਾ ਥਾਣੇ ਦੇ ਐਸਐਚਓ ਦਰਸ਼ਨ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ ਤਾਂ ਜੋ ਘਟਨਾ ਦੀ ਸੱਚਾਈ ਦਾ ਪਤਾ ਲੱਗ ਸਕੇ।