ਦਿੱਲੀ ਦੀ ਨਵੀਂ ਆਬਕਾਰੀ ਨੀਤੀ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਸੀਬੀਆਈ ਦੇ ਛਾਪੇ ਤੋਂ ਇੱਕ ਦਿਨ ਬਾਅਦ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰ ਸਰਕਾਰ ਅਤੇ ਭਾਜਪਾ ‘ਤੇ ਤਿੱਖੇ ਹਮਲੇ ਕੀਤੇ। ਸਿਸੋਦੀਆ ਨੇ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਾਇਆ ਕਿ ਅਰਵਿੰਦ ਕੇਜਰੀਵਾਲ ਦੀ ਲੋਕਪ੍ਰਿਅਤਾ ਕਾਰਨ ਇਹ ਛਾਪੇ ਮਾਰੇ ਗਏ ਹਨ।
ਮਨੀਸ਼ ਸਿਸੋਦੀਆ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ, ‘ਮਸਲਾ ਸਿਰਫ ਘੁਟਾਲੇ ਦਾ ਹੀ ਨਹੀਂ ਹੈ, ਸਗੋਂ ਉਨ੍ਹਾਂ ਦੀ ਸਮੱਸਿਆ ਅਰਵਿੰਦ ਕੇਜਰੀਵਾਲ ਹੈ… ਜਿਸ ਤਰ੍ਹਾਂ ਉਹ ਪੂਰੇ ਦੇਸ਼ ‘ਚ ਕੰਮ ਕਰਕੇ ਇਕ ਇਮਾਨਦਾਰ ਨੇਤਾ ਵਜੋਂ ਪਛਾਣ ਬਣਾ ਰਹੇ ਹਨ। ਪੰਜਾਬ ਤੋਂ ਬਾਅਦ ਉਸ ਨੂੰ ਕੌਮੀ ਬਦਲ ਵਜੋਂ ਦੇਖਿਆ ਜਾ ਰਿਹਾ ਹੈ। ਇਹ ਸਾਰੀ ਕਾਰਵਾਈ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਉਹ ਅਰਵਿੰਦ ਨੂੰ ਰੋਕਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ, ‘ਅਰਵਿੰਦ ਕੇਜਰੀਵਾਲ ਦੀ ਖੂਬੀ ਇਹ ਹੈ ਕਿ ਉਹ ਇਮਾਨਦਾਰ ਹਨ। ਉਹਨਾਂ ਨੂੰ ਕੰਮ ਕਰਨਾ ਤੇ ਕਰਵਾਉਣਾ ਆਉਂਦਾ ਹੈ। ਸਿੱਖਿਆ ਸਿਸਟਮ ਨੂੰ ਠੀਕ ਕਰਕੇ ਦਿਖਾਇਆ ਹੈ। ਅਰਵਿੰਦ ਦੀ ਬਦੌਲਤ ਹੀ ਭਾਰਤ ਦਾ ਨਾਮ ਦੁਨੀਆ ਵਿੱਚ ਰੋਸ਼ਨ ਹੋ ਰਿਹਾ ਹੈ। ਅਰਵਿੰਦ ਦੇ ਸਿਹਤ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਮਨੀਸ਼ ਸਿਸੋਦੀਆ ਨੇ ਆਪਣੀ ਗ੍ਰਿਫਤਾਰੀ ਦਾ ਖਦਸ਼ਾ ਜਤਾਉਂਦੇ ਹੋਏ ਕਿਹਾ, ‘ਮੈਂ ਭ੍ਰਿਸ਼ਟਾਚਾਰ ਨਹੀਂ ਕੀਤਾ। ਮੈਂ ਅਰਵਿੰਦ ਦਾ ਸਿੱਖਿਆ ਮੰਤਰੀ ਹਾਂ, ਇਸੇ ਲਈ ਇਹ ਸਾਜ਼ਿਸ਼ ਰਚੀ ਗਈ ਹੈ। 2-4 ਦਿਨਾਂ ਵਿੱਚ ਮੈਨੂੰ ਗ੍ਰਿਫਤਾਰ ਕਰ ਲੈਣਗੇ ।