ਨੌਜਵਾਨ ‘ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ‘ਚ 2 ਹਮਲਾਵਰਾਂ ਨੂੰ 5-5 ਸਾਲ ਦੀ ਕੈਦ
ਚੰਡੀਗੜ੍ਹ: ਪੁਰਾਣੀ ਰੰਜਿਸ਼ ਕਾਰਨ ਨੌਜਵਾਨ ‘ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ‘ਚ ਅਦਾਲਤ ਨੇ ਦੋਸ਼ੀ ਅਜੇ ਉਰਫ ਜਾਦੂ (26) ਅਤੇ ਸੋਹੇਬ ਅੰਸਾਰੀ (20) ਨੂੰ ਦੋਸ਼ੀ ਕਰਾਰ ਦਿੰਦੇ ਹੋਏ 5-5 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਵਾਂ ਦੋਸ਼ੀਆਂ ‘ਤੇ 5500 ਅਤੇ 5000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਨਾਲ ਹੀ ਅਦਾਲਤ ਨੇ ਜ਼ਖਮੀ ਮੁਹੰਮਦ ਆਸਿਫ ਨੂੰ 10-10 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।
ਇਹ ਮਾਮਲਾ 17 ਮਈ 2020 ਦਾ ਹੈ, ਜਦੋਂ ਪੀੜਤ ਮੁਹੰਮਦ ਆਸਿਫ ਆਪਣੇ ਭਰਾ ਵਸੀਮ ਅਹਿਮਦ ਨਾਲ ਐਕਟਿਵਾ ‘ਤੇ ਕੰਮ ਲਈ ਜਾ ਰਿਹਾ ਸੀ। ਚੰਡੀਗੜ੍ਹ ਦੇ ਸੈਕਟਰ-29ਬੀ ਨੇੜੇ ਮੁਲਜ਼ਮ ਅਜੈ ਅਤੇ ਅੰਸਾਰੀ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ ਅਤੇ ਆਸਿਫ਼ ’ਤੇ ਹਮਲਾ ਕਰ ਦਿੱਤਾ। ਅਜੈ ਨੇ ਆਸਿਫ ਦੀ ਗਰਦਨ ਅਤੇ ਪੇਟ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ।
ਮੁਲਜ਼ਮਾਂ ਖ਼ਿਲਾਫ਼ ਇਰਾਦਾ ਕਤਲ ਅਤੇ ਅਸਲਾ ਐਕਟ ਤਹਿਤ ਕੇਸ
ਇੰਡਸਟਰੀਅਲ ਏਰੀਆ ਥਾਣਾ ਪੁਲਸ ਨੇ ਘਟਨਾ ਤੋਂ ਤੁਰੰਤ ਬਾਅਦ ਮਾਮਲਾ ਦਰਜ ਕਰਕੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਖ਼ਿਲਾਫ਼ ਇਰਾਦਾ ਕਤਲ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਦੀ ਤਫ਼ਤੀਸ਼ ਅਤੇ ਅਦਾਲਤ ਵਿਚ ਪੇਸ਼ ਕੀਤੇ ਸਬੂਤਾਂ ਦੇ ਆਧਾਰ ‘ਤੇ ਅਦਾਲਤ ਨੇ ਦੋਸ਼ੀਆਂ ਨੂੰ ਦੋਸ਼ੀ ਪਾਇਆ ਅਤੇ ਸਜ਼ਾ ਸੁਣਾਈ |