ਟ੍ਰੈਕਟਰ ਤੇ ਮੋਟਰਸਾਈਕਲ ਦੀ ਹੋਈ ਟੱਕਰ, 2 ਵਿਦਿਆਰਥੀਆਂ ਦੀ ਹੋਈ ਮੌ.ਤ
ਬਰਨਾਲਾ ਦੇ ਕਸਬਾ ਭਦੌੜ ਦੇ ਬਾਜਾਖਾਨਾ ਰੋਡ ਤੇ ਮੀਰੀ ਪੀਰੀ ਖਾਲਸਾ ਕਾਲਜ ਭਦੌੜ ਕੋਲ ਇੱਕ ਟ੍ਰੈਕਟਰ ਅਤੇ ਮੋਟਰਸਾਈਕਲ ਦੀ ਸਿੱਧੀ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿੱਚ ਦੋ ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਵਿਦਿਆਰਥੀਆਂ ਦੀ ਪਛਾਣ ਜਸਵਿੰਦਰ ਸਿੰਘ ਵਾਸੀ ਗੁਰੂਸਰ ਅਤੇ ਤਰਨਪ੍ਰੀਤ ਸਿੰਘ ਵਾਸੀ ਭਗਤਾ ਭਾਈ ਕਾ ਵਜੋਂ ਹੋਈ ਹੈ। ਦੋਵੇਂ ਅਕਾਲ ਅਕੈਡਮੀ ਭਦੌੜ ਵਿਖੇ ਬਾਰਵੀਂ ਜਮਾਤ ਦੇ ਵਿਦਿਆਰਥੀ ਸਨ।
ਘਰ ਨੂੰ ਜਾ ਰਹੇ ਸਨ ਵਿਦਿਆਰਥੀ
ਪ੍ਰਾਪਤ ਜਾਣਕਾਰੀ ਅਨੁਸਾਰ ਲੰਘੇ ਸੋਮਵਾਰ ਨੂੰ ਅਕਾਲ ਅਕੈਡਮੀ ਵਿਖੇ ਗੁਰਪੁਰਬ ਦਾ ਸਮਾਗਮ ਮਨਾਇਆ ਗਿਆ ਸੀ ਅਤੇ ਉਕਤ ਦੋਵੇਂ ਵਿਦਿਆਰਥੀਆਂ ਦੀ ਡਿਊਟੀ ਕੰਮ ਕਾਜ ਵਿੱਚ ਲੱਗੀ ਹੋਈ ਸੀ। ਸ਼ਾਮ 5 ਵਜੇ ਦੇ ਕਰੀਬ ਅਕਾਲ ਅਕੈਡਮੀ ਚੋਂ ਛੁੱਟੀ ਮਿਲਣ ਉਪਰੰਤ ਜਸਵਿੰਦਰ ਸਿੰਘ ਅਤੇ ਤਰਨਪ੍ਰੀਤ ਸਿੰਘ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਘਰਾਂ ਨੂੰ ਜਾ ਰਹੇ ਸਨ ਜਦੋਂ ਉਹ ਮੀਰੀ ਪੀਰੀ ਖਾਲਸਾ ਕਾਲਜ ਕੋਲ ਪਹੁੰਚੇ ਤਾਂ ਉਹਨਾਂ ਦੇ ਮੋਟਰਸਾਈਕਲ ਦੀ ਟੱਕਰ ਸਾਹਮਣੇ ਤੋਂ ਆ ਰਹੇ ਟ੍ਰੈਕਟਰ ਨਾਲ ਹੋ ਗਈ।
ਇਹ ਵੀ ਪੜ੍ਹੋ :ਤੇਜ਼ ਰਫਤਾਰ ਦਾ ਕਹਿਰ, ਕਾਰ ਦੀ ਲਪੇਟ ‘ਚ ਆਉਣ ਨਾਲ 3 ਸਾਲਾ ਬੱਚੀ ਦੀ ਮੌ.ਤ || Punjab News
ਦੋਵੇਂ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਏ ਜਿੰਨ੍ਹਾਂ ਨੂੰ ਮੌਕੇ ਤੇ ਪਹੁੰਚੇ ਸਮਾਜ ਸੇਵੀ ਅਤੇ ਕ੍ਰਾਂਤੀ ਯੂਥ ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਮੀਕਾ ਨੇ ਤੁਰੰਤ ਆਪਣੀ ਗੱਡੀ ਵਿੱਚ ਪਾ ਕੇ ਬਰਨਾਲਾ ਵਿਖੇ ਲਿਆਂਦਾ। ਹਸਪਤਾਲ ਵਿੱਚ ਡਾਕਟਰਾਂ ਨੇ ਜ਼ਖਮੀਆਂ ਨੂੰ ਡੀਐਮਸੀ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਜਿੱਥੇ ਉਕਤ ਦੋਨਾਂ ਵਿਦਿਆਰਥੀਆਂ ਦੀ ਇਲਾਜ ਦੌਰਾਨ ਮੌਤ ਹੋ ਗਈ।