Online ਮੰਗਾਈ ਆਈਸਕ੍ਰੀਮ ‘ਚੋ ਨਿਕਲੀ ਇਹ ਚੀਜ਼ , ਬੁਲਾਉਣੀ ਪਈ ਪੁਲਿਸ
ਹੁਣ ਤੱਕ ਤੁਸੀ ਖਾਣ-ਪੀਣ ਦੀਆਂ ਵਸਤੂਆਂ ਵਿੱਚ ਕਿਰਲੀਆਂ, ਚੂਹੇ ਅਤੇ ਹੋਰ ਕੀੜੇ ਪਾਏ ਜਾਣ ਦੀਆਂ ਖਬਰਾਂ ਸੁਣੀਆਂ ਜਾਂ ਦੇਖੀਆਂ ਹੋਣੀਆਂ ਪਰ ਕਦੇ ਸੁਣਿਆ ਹੈ ਕਿ ਭੋਜਨ ਵਿਚੋਂ ਕੁਝ ਕੱਟਿਆ ਹੋਇਆ ਮਨੁੱਖੀ ਅੰਗ ਨਿਕਲ ਆਵੇ | ਇਹ ਮਾਮਲਾ ਮੁੰਬਈ, ਮਹਾਰਾਸ਼ਟਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇਕ ਔਰਤ ਨੇ ਆਨਲਾਈਨ ਐਪ ਰਾਹੀਂ 3 ਆਈਸ ਕਰੀਮ ਖਾਣ ਲਈ ਆਰਡਰ ਕੀਤੀ। ਜਿਸ ਤੋਂ ਬਾਅਦ ਡਿਲੀਵਰੀ ਹੁੰਦੇ ਹੀ ਔਰਤ ਨੇ ਆਈਸਕ੍ਰੀਮ ਦੀ ਪੈਕਿੰਗ ਖੋਲ੍ਹੀ ਤਾਂ ਉਹ ਇਸਨੂੰ ਖਾਣ ਹੀ ਵਾਲੀ ਸੀ ਜਦੋਂ ਉਸਨੇ ਆਈਸਕ੍ਰੀਮ ਵਿੱਚ ਇੱਕ ਮਨੁੱਖੀ ਉਂਗਲੀ ਦੇਖੀ।
ਜਿਸ ਨੂੰ ਦੇਖ ਕੇ ਔਰਤ ਦੇ ਹੋਸ਼ ਉੱਡ ਗਏ। ਉਸ ਦੇ ਮੂੰਹੋਂ ਚੀਕ ਨਿਕਲੀ। ਉਸ ਨੇ ਘਬਰਾ ਕੇ ਪਹਿਲਾਂ ਆਈਸਕ੍ਰੀਮ ਰੱਖੀ। ਪਹਿਲਾਂ ਤਾਂ ਉਸਨੂੰ ਲੱਗਿਆ ਕਿ ਇਹ ਉਸਦਾ ਭੁਲੇਖਾ ਹੈ ਪਰ ਜਦੋਂ ਉਸਨੇ ਆਈਸਕ੍ਰੀਮ ਨੂੰ ਦੁਬਾਰਾ ਦੇਖਿਆ, ਤਾਂ ਉਸਨੂੰ ਅਹਿਸਾਸ ਹੋਇਆ ਕਿ ਇਹ ਅਸਲ ਵਿੱਚ 2 ਸੈਂਟੀਮੀਟਰ ਦੀ ਮਨੁੱਖੀ ਉਂਗਲੀ ਸੀ। ਔਰਤ ਨੇ ਤੁਰੰਤ ਇਸ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ।
ਯੈਮੋ ਆਈਸਕ੍ਰੀਮ ਕੰਪਨੀ ਖਿਲਾਫ ਮਾਮਲਾ ਕੀਤਾ ਗਿਆ ਦਰਜ
ਜਿਸ ਤੋਂ ਬਾਅਦ ਮਲਾਡ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ | ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਨੁੱਖੀ ਉਂਗਲੀ ਸਮੇਤ ਆਈਸਕ੍ਰੀਮ ਨੂੰ ਜਾਂਚ ਲਈ ਭੇਜ ਦਿੱਤਾ। ਪੁਲਿਸ ਨੇ ਔਰਤ ਦੀ ਸ਼ਿਕਾਇਤ ਦੇ ਆਧਾਰ ‘ਤੇ ਯੈਮੋ ਆਈਸਕ੍ਰੀਮ ਕੰਪਨੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੇ ਦੱਸਿਆ ਕਿ ਆਈਸਕ੍ਰੀਮ ਅਤੇ ਮਨੁੱਖੀ ਉਂਗਲੀ ਨੂੰ ਹੁਣ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। ਇਹ ਉਂਗਲੀ ਮਰਦ ਦੀ ਹੈ ਜਾਂ ਔਰਤ ਦੀ ਇਸ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਰਿਪੋਰਟ ਆਉਣ ਤੋਂ ਬਾਅਦ ਸਭ ਕੁਝ ਸਪੱਸ਼ਟ ਹੋ ਜਾਵੇਗਾ।
ਖਬਰ ਸੋਸ਼ਲ ਮੀਡੀਆ ‘ਤੇ ਵੀ ਹੋ ਰਹੀ ਵਾਇਰਲ
ਇਹ ਖਬਰ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ | ਹਰ ਕੋਈ ਹੈਰਾਨ ਹੈ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਕਿਸੇ ਮਨੁੱਖ ਦੇ ਸਰੀਰ ਦਾ ਅੰਗ ਇਕ ਆਈਸਕ੍ਰੀਮ ਵਿੱਚ ਕਿਵੇਂ ਆਇਆ | ਦੱਸਿਆ ਜਾ ਰਿਹਾ ਹੈ ਕਿ Yummo Ice Cream ਇੱਕ ਮਸ਼ਹੂਰ ਬ੍ਰਾਂਡ ਹੈ। ਹੁਣ ਪੁਲਿਸ ਅੱਗੇ ਕੀ ਕਾਰਵਾਈ ਕਰਦੀ ਹੈ, ਇਹ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।