ਨਹੀਂ ਦੇਖਿਆ ਹੋਣਾ ਬਿਆਸ ਦਰਿਆ ਦਾ ਇਹ ਰੂਪ, ਮਨਾਲੀ ਹਾਈਵੇਅ ਰੁੜ੍ਹਿਆ, ਪੰਜਾਬ ਲਈ ਵੀ ਖਤਰਾ!
ਹਿਮਾਚਲ ਪ੍ਰਦੇਸ਼ ‘ਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ | ਬੀਤੀ ਰਾਤ ਰਾਜ ਭਰ ਵਿੱਚ ਭਾਰੀ ਮੀਂਹ ਪਿਆ ਅਤੇ ਕਈ ਇਲਾਕਿਆਂ ਵਿੱਚ ਬੱਦਲ ਫਟਣ ਦੀ ਸੂਚਨਾ ਹੈ। ਕੁੱਲੂ ਦੇ ਨਿਰਮੰਡ ‘ਚ ਬੱਦਲ ਫਟਣ ਤੋਂ ਬਾਅਦ ਬਾਗੀ ਪੁਲ ਦੇ ਆਲੇ-ਦੁਆਲੇ ਵਾਹਨ ਅਤੇ ਘਰ ਵਹਿ ਗਏ ਹਨ।
ਬਿਆਸ ਦਰਿਆ ਮੁੜ ਆਪਣਾ ਰੁਖ ਬਦਲ ਕੇ ਹਾਈਵੇਅ ‘ਤੇ ਆਇਆ
ਉੱਥੇ ਹੀ ਮਨਾਲੀ ‘ਚ ਬਿਆਸ ਦਰਿਆ ਮੁੜ ਆਪਣਾ ਰੁਖ ਬਦਲ ਕੇ ਹਾਈਵੇਅ ‘ਤੇ ਆ ਗਿਆ ਹੈ। ਇਸੇ ਤਰ੍ਹਾਂ ਸੂਬੇ ਦੇ ਤਿੰਨ ਜ਼ਿਲ੍ਹਿਆਂ ਵਿੱਚ ਬੱਦਲ ਫਟਣ ਕਾਰਨ ਚੰਡੀਗੜ੍ਹ ਮਨਾਲੀ ਹਾਈਵੇਅ ਕਈ ਥਾਵਾਂ ’ਤੇ ਬੰਦ ਹੈ ਅਤੇ ਹੁਣ ਤੱਕ ਕੁੱਲ 52 ਲੋਕ ਲਾਪਤਾ ਹਨ ਜਦਕਿ ਸ਼ਿਮਲਾ ਵਿੱਚ 36 ਲੋਕ ਲਾਪਤਾ ਹਨ। ਇਨ੍ਹਾਂ ਹਾਲਾਤਾਂ ਨੂੰ ਵੇਖਦੇ ਹੋਏ ਪੰਜਾਬ ਦੇ ਕਈ ਇਲਾਕਿਆਂ ਵਿਚ ਹੜ੍ਹਾਂ ਦਾ ਖਤਰਾ ਬਣ ਗਿਆ ਹੈ।
ਰਾਮਪੁਰ ਦੇ ਝਾਕੜੀ ‘ਚ ਬੱਦਲ ਫਟਿਆ
ਮਿਲੀ ਜਾਣਕਾਰੀ ਅਨੁਸਾਰ ਸ਼ਿਮਲਾ ਤੋਂ 100 ਕਿਲੋਮੀਟਰ ਦੂਰ ਰਾਮਪੁਰ ਦੇ ਝਾਕੜੀ ‘ਚ ਬੱਦਲ ਫਟ ਗਿਆ ਹੈ। ਜਿਸ ਕਾਰਨ ਰਾਮਪੁਰ ਦੇ ਝਾਕੜੀ ‘ਚ ਸਮੇਜ ਖੱਡ ‘ਚ ਹੜ੍ਹ ਆ ਗਿਆ। ਇਹ ਘਟਨਾ ਵੀਰਵਾਰ ਸਵੇਰੇ ਸਾਹਮਣੇ ਆਈ ਹੈ ਅਤੇ ਇਹ ਜਾਣਕਾਰੀ ਸ਼ਿਮਲਾ ਜ਼ਿਲ੍ਹਾ ਆਫ਼ਤ ਪ੍ਰਬੰਧਨ ਤੋਂ ਮਿਲੀ ਹੈ। ਫਿਲਹਾਲ ਡੀਸੀ ਸ਼ਿਮਲਾ ਅਨੁਪਮ ਕਸ਼ਯਪ ਅਤੇ ਐੱਸਪੀ ਸ਼ਿਮਲਾ ਸੰਜੀਵ ਗਾਂਧੀ ਮੌਕੇ ‘ਤੇ ਰਵਾਨਾ ਹੋ ਗਏ ਹਨ। ਇੱਥੇ ਕੁੱਲ 19 ਲੋਕ ਲਾਪਤਾ ਦੱਸੇ ਜਾ ਰਹੇ ਹਨ। ਐਨਡੀਆਰਐਫ ਦੀਆਂ ਟੀਮਾਂ ਵੀ ਮੌਕੇ ’ਤੇ ਭੇਜੀਆਂ ਗਈਆਂ ਹਨ।
20 ਤੋਂ 25 ਲੋਕਾਂ ਦੇ ਲਾਪਤਾ ਹੋਣ ਦਾ ਖ਼ਦਸ਼ਾ
ਇਸ ਦੇ ਨਾਲ ਹੀ ਕੁੱਲੂ ਜ਼ਿਲੇ ਦੇ ਮਣੀਕਰਨ ਦੇ ਮਲਾਨਾ ਪਿੰਡ ‘ਚ ਬਣੇ ਪਾਵਰ ਪ੍ਰੋਜੈਕਟ ਦਾ ਬੰਨ੍ਹ ਟੁੱਟ ਗਿਆ ਹੈ ਅਤੇ ਘਾਟੀ ਵਿਚ ਹੜ੍ਹ ਆ ਗਿਆ ਹੈ। ਅੱਧੀ ਰਾਤ ਨੂੰ ਪਏ ਮੀਂਹ ਕਾਰਨ ਬਿਆਸ ਦਰਿਆ ਵੀ ਉਛਲ ਗਿਆ ਹੈ ਅਤੇ ਇੱਥੇ ਮਨਾਲੀ ਸ਼ਹਿਰ ਨੇੜੇ ਵੀ ਬਿਆਸ ਦਰਿਆ ਆਪਣਾ ਰੁਖ ਬਦਲ ਕੇ ਹਾਈਵੇਅ ’ਤੇ ਵਹਿਣ ਲੱਗ ਪਿਆ ਹੈ। ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇਅ ਕਈ ਥਾਵਾਂ ‘ਤੇ ਬੰਦ ਹੈ। ਇਸ ਤੋਂ ਇਲਾਵਾ ਪਾਰਵਤੀ ਨਦੀ ‘ਚ ਭਾਰੀ ਹੜ੍ਹ ਆਉਣ ਕਾਰਨ ਭੁੰਤਰ ਦੇ ਆਸ-ਪਾਸ ਦੇ ਲੋਕਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਸ਼ਿਮਲਾ ਦੇ ਰਾਮਪੁਰ ‘ਚ ਸਮੇਜ ਖੱਡ ‘ਚ ਬੱਦਲ ਫਟਣ ਕਾਰਨ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਿਮਲਾ ਅਤੇ ਕੁੱਲੂ ਜ਼ਿਲ੍ਹਿਆਂ ਦੇ ਸਰਹੱਦੀ ਇਲਾਕਿਆਂ ਵਿੱਚ 20 ਤੋਂ 25 ਲੋਕਾਂ ਦੇ ਲਾਪਤਾ ਹੋਣ ਦਾ ਖ਼ਦਸ਼ਾ ਹੈ।