ਫਤਿਹਗੜ੍ਹ ਸਾਹਿਬ: (Deepak Sood)
ਫਤਿਹਗੜ੍ਹ ਸਾਹਿਬ ‘ਚ ਲਗਾਈ ਗਈ ਲੋਕ ਅਦਾਲਤ ਅੰਦਰ ਇੱਕ ਨਿਵੇਕਲੀ ਪਹਿਲ ਕੀਤੀ ਗਈ। ਇਸ ਲੋਕ ਅਦਾਲਤ ਦੀ ਮੈਂਬਰ ਥਰਡ ਜੈਂਡਰ ਨੂੰ ਲਿਆ ਗਿਆ ਜੋਕਿ ਪਹਿਲੀ ਵਾਰ ਹੋਇਆ ਹੈ।
ਨਿਰਭਓ ਸਿੰਘ ਗਿੱਲ ਜਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ ਚੈਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਤਹਿਗੜ੍ਹ ਸਾਹਿਬ ਵਿਖੇ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਤਹਿਤ ਜਿਲ੍ਹਾ ਫਤਹਿਗੜ੍ਹ ਸਾਹਿਬ ਅਤੇ ਸਬ-ਡਵੀਜ਼ਨ ਪੱਧਰ ਦੀਆਂ ਅਦਾਲਤਾਂ ਵਿੱਚ ਵੱਡੇ ਪੱਧਰ ਤੇ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕੁੱਲ 11 ਲੋਕ ਅਦਾਲਤ ਦੇ ਬੈਂਚ ਲੱਗੇ ਸਨ।
ਜਿਸ ਵਿੱਚ ਸਾਰੇ ਪ੍ਰਕਾਰ ਨਾਲ ਸਬੰਧਤ ਕੇਸ ਜਿਵੇਂ ਕਿ ਰਾਜ਼ੀਨਾਮੇ ਯੋਗ ਫੌਜ਼ਦਾਰੀ ਕੇਸ, ਚੈਕ ਬਾਉਂਸ ਦੇ ਕੇਸ, ਮੋਟਰ ਐਕਸੀਡੈਂਟ ਕੇਸ, ਵਿਵਾਹਿਕ ਅਤੇ ਪਰਿਵਾਰਕ ਝਗੜਿਆਂ ਦੇ ਕੇਸ, ਕਿਰਤ ਮਾਮਲਿਆਂ ਦੇ ਕੇਸ, ਦੀਵਾਨੀ ਕੇਸ ਜਿਵੇਂ ਕਿ ਕਿਰਾਏ ਸਬੰਧੀ , ਬੈਂਕ ਰਿਕਵਰੀ, ਰੈਵੀਨਿਊ ਕੇਸ, ਬਿਜਲੀ ਅਤੇ ਪਾਣੀ ਦੇ ਚਲਦੇ ਅਤੇ ਪ੍ਰੀ ਲੰਬਿਤ ਕੇਸ ਫੈਸਲੇ ਲਈ ਰੱਖੇ ਗਏ ਸਨ, ਇਸ ਵਾਰ ਚੈੱਕ ਬਾਉਂਸ ਦੇ ਕੇਸ ਵੱਡੀ ਗਿਣਤੀ ਵਿੱਚ ਰੱਖੇ ਗਏ ਸਨ।
ਸ੍ਰੀ ਨਿਰਭਓ ਸਿੰਘ ਗਿੱਲ ਚੈਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਤਹਿਗੜ੍ਹ ਸਾਹਿਬ ਜੀਆਂ ਨੇ ਦੱਸਿਆ ਕਿ ਅਥਾਰਟੀ ਵਲੋਂ ਅੱਜ ਦੀ ਲੋਕ ਅਦਾਲਤ ਵਿੱਚ ਇੱਕ ਵਿਲੱਖਣ ਉਪਰਾਲਾ ਕਰਦਿਆਂ ਸਮਾਜ ਦੇ ਤੀਜੇ ਵਰਗ ਨੂੰ ਲੋਕ ਅਦਾਲਤ ਦੇ ਬੈਂਚ ਦਾ ਭਾਗ ਬਣਾਇਆ ਗਿਆ ਅਤੇ ਸਮਾਜ ਨੂੰ ਇਸ ਵਰਗ ਪ੍ਰਤੀ ਇੱਕ ਵਧੀਆ ਇੱਕ ਸੰਜੀਦਾ ਸੁਨੇਹਾ ਦੇਣ ਦਾ ਯਤਨ ਕੀਤਾ ਗਿਆ। ਇਸ ਵਿੱਚ ਫੈਮਲੀ ਕੋਰਟ ਵਿੱਚ ਮੈਡਮ ਸੀਰਤ ਦੀ ਡਿਊਟੀ ਲਗਾਈ ਗਈ ਸੀ, ਜੋ ਕਿ ਤੀਜੇ ਵਰਗ ਨਾਲ ਸਬੰਧਤ ਹਨ।
ਸ੍ਰੀ ਨਿਰਭਓ ਸਿੰਘ ਗਿੱਲ ਜੀ ਨੇ ਅੱਗੇ ਦੱਸਿਆ ਕਿ ਅੱਜ ਦੀ ਲੋਕ ਅਦਾਲਤ ਵਿੱਚ ਸਾਰੇ ਪ੍ਰਕਾਰ ਦੇ ਕੇਸਾਂ ਨੂੰ ਮਿਲਾ ਕੇ ਕੁੱਲ 5393 ਕੇਸਾਂ ਵਿਚੋਂ 4780 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 20 ਕਰੋੜ ਦੀ ਰਕਮ ਦੇ ਫੈਸਲੇ ਕੀਤੇ ਗਏ। ਇਸ ਲੋਕ ਅਦਾਲਤ ਵਿੱਚ ਪਾਰਟੀਆਂ ਅਤੇ ਵਕੀਲਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸ੍ਰੀ ਨਿਰਭਓ ਸਿੰਘ ਗਿੱਲ ਜੀ ਨੇ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਮੁੱਕ ਤੌਰ ਤੇ ਨਿਬੜੇ ਕੇਸਾਂ ਵਿਚੋਂ 6 ਝਗੜ ਰਹੇ ਵਿਵਾਹਿਕ ਜੋੜਿਆਂ ਨੂੰ ਸਮਝਾ ਕੇ ਇਕੱਠੇ ਕੀਤੇ ਗਿਆ ਅਤੇ ਉਹਨਾਂ ਦਾ ਵਿਵਾਹਿਕ ਜੀਵਨ ਫਿਰ ਤੋਂ ਖੁਸ਼ੀਆਂ ਭਰਿਆ ਹੋ ਗਿਆ।, ਇੱਕ ਬੱਚੇ ਦੀ ਕਸਟਡੀ ਵਾਲਾ 5 ਸਾਲਾ ਪੁਰਾਣਾ ਕੇਸ ਨਿਬੇੜਿਆ ਗਿਆ ਅਤੇ 10 ਸਾਲ ਪੁਰਾਣੀ ਐਕਸੀਕਿਊਸਨ ਦਾ ਕੇਸ ਨਿਬੇੜਿਆ ਗਿਆ।
ਜਿਲ੍ਹਾ ਸੈਸ਼ਨ ਜੱਜ ਨੇ ਕਿਹਾ ਕਿ ਥਰਡ ਜੈਂਡਰ ਨੂੰ ਮੈਂਬਰ ਬਣਾਉਣ ਦਾ ਮਕਸਦ ਇਹ ਸੀ ਕਿ ਸਮਾਜ ਨੂੰ ਸੰਦੇਸ਼ ਦਿੱਤਾ ਜਾਵੇ ਕਿ ਇਹ ਵੀ ਸਾਡਾ ਹਿੱਸਾ ਹਨ।
ਥਰਡ ਜੈਂਡਰ ਸੀਰਤ ਨੇ ਵੀ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਤਹਿਗੜ੍ਹ ਸਾਹਿਬ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਇਹ ਮਾਣ ਬਖਸ਼ਿਆ।