1 ਜਨਵਰੀ ਤੋਂ ਬਦਲ ਜਾਣਗੇ ਇਹ ਨਿਯਮ, ਤੁਹਾਡੀ ਜੇਬ ‘ਤੇ ਹੋਵੇਗਾ ਸਿੱਧਾ ਅਸਰ
ਨਵੇਂ ਸਾਲ ਦੇ ਨਾਲ ਕਈ ਨਿਯਮਾਂ ‘ਚ ਬਦਲਾਅ ਹੋਣਗੇ, ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ ‘ਤੇ ਪਵੇਗਾ। ਇਨ੍ਹਾਂ ਵਿਚ LPG ਸਿਲੰਡਰ ਦੀਆਂ ਕੀਮਤਾਂ ਤੋਂ ਲੈ ਕੇ UPI ਭੁਗਤਾਨ ਲਈ ਨਵੇਂ ਨਿਯਮਾਂ ਤਕ ਸਭ ਕੁਝ ਸ਼ਾਮਲ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ ਵਿਸਥਾਰ ਨਾਲ।
LPG ਸਿਲੰਡਰ ਦੀ ਕੀਮਤ
ਸਰਕਾਰੀ ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। ਉਨ੍ਹਾਂ ਨੂੰ ਅੰਤਰਰਾਸ਼ਟਰੀ ਬਾਜ਼ਾਰ ਅਨੁਸਾਰ ਆਪਣੀਆਂ ਕੀਮਤਾਂ ਬਦਲਣ ਦੀ ਆਜ਼ਾਦੀ ਹੈ। ਪਿਛਲੇ ਕੁਝ ਸਮੇਂ ਤੋਂ ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਵਾਧਾ ਹੋ ਰਿਹਾ ਹੈ। ਇਸ ਕਾਰਨ ਤੇਲ ਕੰਪਨੀਆਂ ਐਲਪੀਜੀ ਸਿਲੰਡਰ ਦੀ ਕੀਮਤ ਵਧਾ ਸਕਦੀਆਂ ਹਨ। ਘਰੇਲੂ ਸਿਲੰਡਰ (14.2 ਕਿਲੋਗ੍ਰਾਮ) ਦੀ ਕੀਮਤ ‘ਚ ਕਈ ਮਹੀਨਿਆਂ ਤੋਂ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਸਮੇਂ ਦਿੱਲੀ ‘ਚ ਘਰੇਲੂ ਸਿਲੰਡਰ ਦੀ ਕੀਮਤ 803 ਰੁਪਏ ਹੈ।
ਫਿਕਸਡ ਡਿਪਾਜ਼ਿਟ ਦੇ ਨਿਯਮਾਂ ‘ਚ ਬਦਲਾਅ
1 ਜਨਵਰੀ ਤੋਂ ਗੈਰ-ਬੈਂਕਿੰਗ ਫਾਇਨਾਂਸ ਕੰਪਨੀਆਂ (NBFC) ਤੇ ਹਾਊਸਿੰਗ ਫਾਇਨਾਂਸ ਕੰਪਨੀਆਂ (HFC) ਦੇ ਫਿਕਸਡ ਡਿਪਾਜ਼ਿਟ ਦੇ ਨਿਯਮ ਬਦਲ ਜਾਣਗੇ। ਆਰਬੀਆਈ ਨੇ ਹੁਣ ਐਫਡੀ ਕਰਨ ਵਾਲਿਆਂ ਨੂੰ ਮਿਆਦ ਪੂਰੀ ਹੋਣ ਤੋਂ ਪਹਿਲਾਂ ਆਪਣੀ ਜਮ੍ਹਾਂ ਰਕਮ ਨੂੰ ਕਢਵਾਉਣ ਲਈ ਰਾਹਤ ਦਿੱਤੀ ਹੈ। ਇਸ ਤੋਂ ਇਲਾਵਾ ਨਾਮਿਨੀ ਨਾਲ ਜੁੜੇ ਨਿਯਮਾਂ ‘ਚ ਵੀ ਬਦਲਾਅ ਹੋਇਆ ਹੈ।
GST ਦੇ ਨਿਯਮ ਹੁਣ ਹੋਣਗੇ ਸਖਤ
1 ਜਨਵਰੀ ਤੋਂ ਟੈਕਸ ਦਾਤਿਆਂ ਲਈ ਪਾਲਣਾ ਨਿਯਮ ਹੋਰ ਸਖ਼ਤ ਹੋ ਜਾਣਗੇ। ਇੱਥੇ ਬਹੁਤ ਸਾਰੇ ਬਦਲਾਅ ਹੋ ਰਹੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਮਲਟੀ-ਫੈਕਟਰ ਪ੍ਰਮਾਣੀਕਰਨ (MFA) ਹੈ। ਪਹਿਲਾਂ ਇਹ ਸਿਰਫ਼ ਉਨ੍ਹਾਂ ਕਾਰੋਬਾਰ ‘ਤੇ ਲਾਗੂ ਹੁੰਦਾ ਸੀ ਜਿਨ੍ਹਾਂ ਦਾ ਸਾਲਾਨਾ ਟਰਨਓਵਰ 20 ਕਰੋੜ ਰੁਪਏ ਜਾਂ ਇਸ ਤੋਂ ਜ਼ਿਆਦਾ ਸੀ। ਪਰ, ਹੁਣ ਇਹ ਜੀਐਸਟੀ ਪੋਰਟਲ ਤਕ ਪਹੁੰਚ ਕਰਨ ਵਾਲੇ ਸਾਰੇ ਟੈਕਸਪੇਅਰਜ਼ ਲਈ ਹੌਲੀ-ਹੌਲੀ ਲਾਗੂ ਕੀਤਾ ਜਾਵੇਗਾ। ਇਸ ਦਾ ਮਕਸਦ ਸੁਰੱਖਿਆ ਵਧਾਉਣਾ ਹੈ।
UPI 123Pay ਦੀ ਟ੍ਰਾਂਜ਼ੈਕਸ਼ਨ ਲਿਮਟ
UPI 123Pay ਲਈ ਟ੍ਰਾਂਜ਼ੈਕਸ਼ਨ ਦੀ ਲਿਮਟ 1 ਜਨਵਰੀ, 2025 ਤੋਂ ਵਧਾਈ ਜਾਵੇਗੀ। ਪਹਿਲਾਂ ਵੱਧ ਤੋਂ ਵੱਧ ਟ੍ਰਾਂਜੈਕਸ਼ਨ ਲਿਮਟ 5,000 ਰੁਪਏ ਸੀ। RBI ਨੇ 1 ਜਨਵਰੀ 2025 ਤੋਂ ਇਸ ਨੂੰ ਵਧਾ ਕੇ 10,000 ਰੁਪਏ ਕਰ ਦਿੱਤਾ ਹੈ।
ਕਿਸਾਨਾਂ ਨੂੰ ਬਿਨਾਂ ਗਰੰਟੀ ਦੇ ਜ਼ਿਆਦਾ ਕਰਜ਼
RBI ਨੇ ਵੀ ਕਿਸਾਨਾਂ ਨੂੰ ਰਾਹਤ ਦਿੱਤੀ ਹੈ। 1 ਜਨਵਰੀ 2025 ਤੋਂ ਕਿਸਾਨ ਬਿਨਾਂ ਗਰੰਟੀ ਦੇ 2 ਲੱਖ ਰੁਪਏ ਤਕ ਦਾ ਕਰਜ਼ ਲੈ ਸਕਣਗੇ। ਪਹਿਲਾਂ ਇਹ ਲਿਮਟ 1.60 ਲੱਖ ਰੁਪਏ ਸੀ।
BSE ਤੇ NSE ਨਿਯਮ
1 ਜਨਵਰੀ, 2025 ਤੋਂ Sensex, Bankex ਤੇ Sensex 50 ਦੀ ਮਾਸਿਕ ਮਿਆਦ ‘ਚ ਬਦਲਾਅ ਹੋਵੇਗਾ। ਹੁਣ ਮਾਸਿਕ ਮਿਆਦ ਹਰ ਮਹੀਨੇ ਦੇ ਆਖਰੀ ਮੰਗਲਵਾਰ ਨੂੰ ਹੋਵੇਗੀ। ਇਸ ਦੇ ਨਾਲ ਹੀ ਸੈਂਸੈਕਸ ਦੇ ਹਫਤਾਵਾਰੀ ਕੰਟਰੈਕਟ ਸ਼ੁੱਕਰਵਾਰ ਦੀ ਬਜਾਏ ਹਰ ਹਫਤੇ ਦੇ ਮੰਗਲਵਾਰ ਨੂੰ ਖਤਮ ਹੋ ਜਾਣਗੇ।
ਕਾਰਾਂ ਹੋਣ ਜਾਣਗੀਆਂ ਮਹਿੰਗੀਆਂ
1 ਜਨਵਰੀ 2025 ਤੋਂ ਕਈ ਕਾਰਾਂ ਖਰੀਦਣੀਆਂ ਮਹਿੰਗੀਆਂ ਹੋ ਜਾਣਗੀਆਂ। ਮਾਰੂਤੀ ਸੁਜ਼ੂਕੀ, ਟਾਟਾ ਮੋਟਰਜ਼, ਹੁੰਡਈ, ਮਹਿੰਦਰਾ, ਹੌਂਡਾ ਅਤੇ ਕੀਆ ਵਰਗੀਆਂ ਕਈ ਵੱਡੀਆਂ ਆਟੋ ਨਿਰਮਾਤਾ ਕੰਪਨੀਆਂ ਨੇ ਆਪਣੇ ਵਾਹਨਾਂ ਦੀਆਂ ਕੀਮਤਾਂ ‘ਚ 2 ਤੋਂ 4 ਫੀਸਦੀ ਤਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਮਰਸਡੀਜ਼-ਬੈਂਜ਼, ਔਡੀ ਤੇ BMW ਵਰਗੇ ਲਗਜ਼ਰੀ ਬ੍ਰਾਂਡ ਵੀ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾਉਣਗੇ। ਕੰਪਨੀਆਂ ਮੁਤਾਬਕ ਕੱਚੇ ਮਾਲ ਦੀ ਕੀਮਤ ਵਧਣ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਕਾਰਨ ਉਹ ਕੀਮਤਾਂ ਵਧਾ ਰਹੀਆਂ ਹਨ।