ਨੌਜਵਾਨ ਨਕਲੀ SI ਬਣ ਡੀਲਰਾਂ ਤੋਂ ਵਸੂਲਦਾ ਸੀ ਮੋਟੀ ਰਕਮ, ਚੜ੍ਹਿਆ ਪੁਲਿਸ ਅੜਿੱਕੇ
ਲੁਧਿਆਣਾ ਦੇ ਥਾਣਾ ਬਸਤੀ ਜੋਧੇਵਾਲ ਦੀ ਪੁਲਸ ਨੇ ਦੋ ਦਿਨ ਪਹਿਲਾਂ ਅਨਮੋਲ ਸਿੱਧੂ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ। ਅਨਮੋਲ ਸਬ-ਇੰਸਪੈਕਟਰ ਹੋਣ ਦਾ ਝਾਂਸਾ ਦੇ ਕੇ ਮੈਡੀਕਲ, ਲਾਟਰੀ ਅਤੇ ਗੈਸ ਡੀਲਰਾਂ ਤੋਂ ਮੋਟੀ ਰਕਮ ਵਸੂਲਦਾ ਸੀ। ਇਸ ਮਾਮਲੇ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਅਨਮੋਲ ਨੇ ਪੁਲਸ ਦੀ ਨੱਕ ਹੇਠਾਂ ਪੁਲਸ ਲਾਈਨ ਦੇ ਬਾਹਰ ਦੁਕਾਨਾਂ ਤੋਂ ਸਬ-ਇੰਸਪੈਕਟਰ ਦੀ ਵਰਦੀ ਖਰੀਦੀ ਸੀ।
ਇੰਨਾ ਹੀ ਨਹੀਂ ਉਸ ਨੇ ਪੁਲਿਸ ਲਾਈਨ ਨੇੜੇ ਪੁਲਿਸ ਵਿਭਾਗ ਦਾ ਆਈਡੀ ਕਾਰਡ ਵੀ ਤਿਆਰ ਕਰਵਾਇਆ ਸੀ। ਇਸ ਨੂੰ ਟਾਈਪ ਕੀਤਾ ਅਤੇ ਇਸ ‘ਤੇ ਦਸਤਖਤ ਕੀਤੇ। ਇਸ ਮਾਮਲੇ ਵਿੱਚ ਅੱਜ ਪੁਲੀਸ ਅਨਮੋਲ ਨੂੰ ਪੁਲੀਸ ਲਾਈਨਜ਼ ਦੇ ਬਾਹਰ ਵਰਦੀ ਦੀਆਂ ਦੁਕਾਨਾਂ ’ਤੇ ਲੈ ਜਾਵੇਗੀ। ਅਨਮੋਲ ਦੀ ਸੂਚਨਾ ‘ਤੇ ਅੱਜ ਪੁਲਸ ਦੁਕਾਨਦਾਰ ਖਿਲਾਫ ਕਾਰਵਾਈ ਕਰੇਗੀ। ਦੁਕਾਨਦਾਰ ਨੇ ਬਿਨਾਂ ਕਿਸੇ ਜਾਂਚ ਦੇ ਦੋਸ਼ੀ ਨੂੰ ਵਰਦੀ ਦੇ ਦਿੱਤੀ।
ਅੱਜ ਪੁਲਿਸ ਉਸ ਦੁਕਾਨ ‘ਤੇ ਵੀ ਸਖ਼ਤ ਕਾਰਵਾਈ ਕਰੇਗੀ ਜਿੱਥੋਂ ਉਸ ਨੇ ਪਛਾਣ ਪੱਤਰ ਪ੍ਰਿੰਟ ਅਤੇ ਟਾਈਪ ਕੀਤਾ ਸੀ। ਜਾਣਕਾਰੀ ਦਿੰਦਿਆਂ ਐਸਐਚਓ ਜੋਧੇਵਾਲ ਬਸਤੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਅਨਮੋਲ ਕੋਲੋਂ ਪੁੱਛਗਿੱਛ ਕੀਤੀ ਗਈ ਹੈ। ਉਸ ਨੇ ਕਈ ਖੁਲਾਸੇ ਕੀਤੇ ਹਨ। ਹੁਣ ਤੱਕ ਉਨ੍ਹਾਂ ਥਾਵਾਂ ਦਾ ਪੂਰਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ ਜਿੱਥੇ ਉਸ ਨੇ ਵਰਦੀ ਦੀ ਦੁਰਵਰਤੋਂ ਕੀਤੀ ਹੈ। ਮੁਲਜ਼ਮਾਂ ਦੇ ਮੋਬਾਈਲ ਫੋਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਥਾਣਾ ਬਸਤੀ ਜੋਧੇਵਾਲ ਦੀ ਪੁਲੀਸ ਨੇ ਮੁਲਜ਼ਮ ਅਨਮੋਲ ਨੂੰ ਵੰਜਲੀ ਹੋਟਲ ਦੇ ਬਾਹਰੋਂ ਗ੍ਰਿਫ਼ਤਾਰ ਕੀਤਾ ਹੈ। ਅਨਮੋਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਮੈਡੀਕਲ ਸਟੋਰ, ਗੈਸ ਸਿਲੰਡਰ ਰਿਫਿਲ ਅਤੇ ਲਾਟਰੀ ਦੀਆਂ ਦੁਕਾਨਾਂ ਚਲਾਉਣ ਵਾਲਿਆਂ ਤੋਂ ਪੁਲਸ ਦੇ ਨਾਂ ‘ਤੇ ਪੈਸੇ ਵਸੂਲਦਾ ਸੀ।
ਚੈਕਿੰਗ ਦੌਰਾਨ ਪੁਲੀਸ ਨੇ ਮੁਲਜ਼ਮਾਂ ਕੋਲੋਂ ਇਨੋਵਾ ਕਾਰ ਪੀ.ਬੀ.07ਬੀ.ਡਬਲਯੂ-8742 ਬਰਾਮਦ ਕੀਤੀ। ਪੁਲੀਸ ਨੇ ਮੁਲਜ਼ਮਾਂ ਕੋਲੋਂ ਵਰਦੀ, ਜਾਅਲੀ ਆਈਡੀ ਕਾਰਡ ਅਤੇ ਮੋਬਾਈਲ ਬਰਾਮਦ ਕੀਤਾ ਹੈ। ਗ੍ਰਿਫ਼ਤਾਰੀ ਸਮੇਂ ਮੁਲਜ਼ਮ ਨੇ ਆਪਣੇ ਆਪ ਨੂੰ ਸੀਆਈਏ ਜਲੰਧਰ ਦਾ ਮੁਲਾਜ਼ਮ ਦੱਸਿਆ ਸੀ। ਫਿਲਹਾਲ ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਸ਼ੀ ਖਿਲਾਫ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ।