ਫਿਲਮ ਇੰਡਸਟਰੀ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਬਾਲੀਵੁੱਡ ਦੇ ਮਸ਼ਹੂਰ ਲੇਖਕ ਸੰਜੇ ਚੌਹਾਨ ਦਾ ਦੇਹਾਂਤ ਹੋ ਗਿਆ ਹੈ। ‘ਪਾਨ ਸਿੰਘ ਤੋਮਰ’ ਵਰਗੀਆਂ ਕਈ ਸ਼ਾਨਦਾਰ ਫਿਲਮਾਂ ਦੇ ਲੇਖਕ ਸੰਜੇ ਚੌਹਾਨ ਦਾ 62 ਸਾਲ ਦੀ ਉਮਰ ‘ਚ 12 ਜਨਵਰੀ ਵੀਰਵਾਰ ਨੂੰ ਮੁੰਬਈ ਦੇ ਇਕ ਹਸਪਤਾਲ ‘ਚ ਦੇਹਾਂਤ ਹੋ ਗਿਆ। ਸੰਜੇ ਪਿਛਲੇ ਕਈ ਸਾਲਾਂ ਤੋਂ ਜਿਗਰ ਦੀ ਗੰਭੀਰ ਬਿਮਾਰੀ ਤੋਂ ਪੀੜਤ ਸਨ। ਸੰਜੇ ਦੇ ਦੇਹਾਂਤ ਦੀ ਖਬਰ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਹਰ ਕੋਈ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ।
ਸੰਜੇ ਚੌਹਾਨ ਦੇ ਦੇਹਾਂਤ ਕਾਰਨ ਨਾ ਸਿਰਫ ਉਨ੍ਹਾਂ ਦਾ ਪਰਿਵਾਰ ਬਲਕਿ ਉਨ੍ਹਾਂ ਦੇ ਪ੍ਰਸ਼ੰਸਕ ਤੇ ਇੰਡਸਟਰੀ ਦੇ ਸਾਰੇ ਸਿਤਾਰੇ ਇਸ ਸਮੇਂ ਸਦਮੇ ‘ਚ ਹਨ। ਸੰਜੇ ਆਪਣੇ ਪਿੱਛੇ ਪਤਨੀ ਸਰਿਤਾ ਅਤੇ ਬੇਟੀ ਸਾਰਾ ਚੌਹਾਨ ਛੱਡ ਗਏ ਹਨ। ਸੰਜੇ ਨੂੰ ‘ਪਾਨ ਸਿੰਘ ਤੋਮਰ’ ਹੀ ਨਹੀਂ ਬਲਕਿ ‘ਮੈਂ ਗਾਂਧੀ ਕੋ ਨਹੀਂ ਮਾਰਾ’, ‘ਧੂਪ’, ‘ਸਾਹਿਬ ਬੀਵੀ ਗੈਂਗਸਟਰ’ ਅਤੇ ‘ਆਈ ਐਮ ਕਲਾਮ’ ਵਰਗੀਆਂ ਫਿਲਮਾਂ ਲਈ ਵੀ ਜਾਣਿਆ ਜਾਂਦਾ ਹੈ। ਸੰਜੇ ਨੂੰ ‘ਆਈ ਐਮ ਕਲਾਮ’ ਲਈ ਸਰਵੋਤਮ ਕਹਾਣੀ ਦਾ ਫਿਲਮਫੇਅਰ ਐਵਾਰਡ ਵੀ ਮਿਲਿਆ ਸੀ। ਇੰਨਾ ਹੀ ਨਹੀਂ ਉਨ੍ਹਾਂ ਨੇ ਤਿਗਮਾਂਸ਼ੂ ਧੂਲੀਆ ਨਾਲ ‘ਸਾਹਿਬ ਬੀਵੀ ਗੈਂਗਸਟਰ’ ਵਰਗੀਆਂ ਕਈ ਫਿਲਮਾਂ ਵੀ ਲਿਖੀਆਂ ਹਨ। ਚੌਹਾਨ ਨੂੰ ਰਾਈਟਿੰਗ ਫੈਟਰਨਿਟੀ ਦੇ ਅਧਿਕਾਰਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਵੀ ਜਾਣਿਆ ਜਾਂਦਾ ਹੈ।
ਸੰਜੇ ਚੌਹਾਨ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਪਿਤਾ ਰੇਲਵੇ ‘ਚ ਕੰਮ ਕਰਦੇ ਸਨ ਅਤੇ ਉਨ੍ਹਾਂ ਦੀ ਮਾਂ ਇਕ ਸਕੂਲ ਟੀਚਰ ਸੀ। ਸੰਜੇ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦਿੱਲੀ ਵਿੱਚ ਇਕ ਪੱਤਰਕਾਰ ਵਜੋਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 1990 ‘ਚ ਸੋਨੀ ਟੈਲੀਵਿਜ਼ਨ ਲਈ ਅਪਰਾਧ ‘ਤੇ ਆਧਾਰਿਤ ਟੀਵੀ ਸੀਰੀਜ਼ ‘ਭੰਵਰ’ ਲਿਖੀ, ਜਿਸ ਦੀ ਕਾਫੀ ਚਰਚਾ ਹੋਈ। ਇਸ ਤੋਂ ਬਾਅਦ ਹੀ ਉਹ ਮੁੰਬਈ ਆ ਗਏ। ਸੰਜੇ ਨੂੰ ਸੁਧੀਰ ਮਿਸ਼ਰਾ ਦੀ 2003 ਵਿੱਚ ਆਈ ਫਿਲਮ ‘ਹਜ਼ਾਰੋਂ ਖਵਾਹਿਸ਼ੇਂ ਐਸੀ’ ਵਿੱਚ ਆਪਣੇ ਸੰਵਾਦਾਂ ਲਈ ਵੀ ਜਾਣਿਆ ਜਾਂਦਾ ਹੈ।