ਐਂਬੂਲੈਂਸ ‘ਚ ਔਰਤ ਨਾਲ ਕੀਤੀ ਛੇੜਛਾੜ, ਬਿਮਾਰ ਪਤੀ ਦੇ ਵਿਰੋਧ ਕਰਨ ‘ਤੇ ਸੁੱਟ ‘ਤਾ ਬਾਹਰ
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਗਾਜ਼ੀਪੁਰ ਸਾਹਮਣੇ ਆਇਆ ਹੈ ਜਿੱਥੇ ਕਿ ਐਂਬੂਲੈਂਸ ‘ਚ ਔਰਤ ਨਾਲ ਛੇੜਛਾੜ ਕੀਤੀ ਗਈ ਜਿਸ ਤੋਂ ਬਾਅਦ ਬਿਮਾਰ ਪਤੀ ਦੇ ਵਿਰੋਧ ਕਰਨ ‘ਤੇ ਉਸਨੂੰ ਐਂਬੂਲੈਂਸ ‘ਚੋਂ ਬਾਹਰ ਸੁੱਟ ਦਿੱਤਾ ਗਿਆ | ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ, ਸਿਧਾਰਥਨਗਰ ਜ਼ਿਲ੍ਹੇ ਵੱਲ ਜਾ ਰਹੇ ਨਿਊਰੋਲੋਜੀ ਮਰੀਜ਼ ਦੀ ਪਤਨੀ ਨਾਲ ਐਂਬੂਲੈਂਸ ਡਰਾਈਵਰ ਅਤੇ ਉਸ ਦੇ ਸਹਾਇਕ ਨੇ ਛੇੜਛਾੜ ਕੀਤੀ। ਜਦੋਂ ਮਰੀਜ਼ ਨੇ ਵਿਰੋਧ ਕੀਤਾ ਤਾਂ ਡਰਾਈਵਰ ਅਤੇ ਉਸ ਦੇ ਸਹਾਇਕ ਨੇ ਮਰੀਜ਼ ਦਾ ਮਾਸਕ ਖੋਹ ਲਿਆ ਅਤੇ ਉਸ ਨੂੰ ਐਂਬੂਲੈਂਸ ਤੋਂ ਬਾਹਰ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੋਵਾਂ ਨੇ ਔਰਤ ਦੇ ਪਰਸ ਵਿੱਚੋਂ 10 ਹਜ਼ਾਰ ਰੁਪਏ ਅਤੇ ਗਹਿਣੇ ਵੀ ਚੋਰੀ ਕਰ ਲਏ।
ਆਪਣੇ ਪਤੀ ਨੂੰ ਲੈ ਕੇ ਜਾ ਰਹੀ ਸੀ ਘਰ
ਰਿਪੋਰਟ ਮੁਤਾਬਕ ਔਰਤ ਨੇ ਗਾਜ਼ੀਪੁਰ (ਇੰਦਰਾਨਗਰ) ਇਲਾਕੇ ਤੋਂ ਐਂਬੂਲੈਂਸ ਕਿਰਾਏ ‘ਤੇ ਲਈ ਸੀ ਕਿਉਂਕਿ ਉਸ ਦਾ ਪਤੀ ਨੇੜੇ ਹੀ ਦਾਖਲ ਸੀ। 28 ਅਗਸਤ ਨੂੰ ਔਰਤ ਨੇ ਆਪਣੇ ਪਤੀ ਨੂੰ ਇੰਦਰਾਨਗਰ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਸੀ। ਕਿਉਂਕਿ ਉਹ ਹਸਪਤਾਲ ਦਾ ਬਿੱਲ ਅਦਾ ਕਰਨ ਵਿੱਚ ਅਸਮਰੱਥ ਸੀ, ਉਸ ਨੇ ਡਾਕਟਰ ਨੂੰ ਆਪਣੇ ਪਤੀ ਨੂੰ ਛੁੱਟੀ ਦੇਣ ਦੀ ਬੇਨਤੀ ਕੀਤੀ ਸੀ। ਅਗਲੇ ਹੀ ਦਿਨ ਉਸ ਨੇ ਐਂਬੂਲੈਂਸ ਕਿਰਾਏ ‘ਤੇ ਲਈ ਅਤੇ ਸਿਧਾਰਥਨਗਰ ਜ਼ਿਲ੍ਹੇ ਵਿੱਚ ਆਪਣੇ ਪਤੀ ਨੂੰ ਲੈ ਕੇ ਘਰ ਜਾ ਰਹੀ ਸੀ।
ਡਰਾਈਵਰ ਅਤੇ ਉਸ ਦੇ ਸਹਾਇਕ ਨੇ ਕੀਤੀ ਛੇੜਛਾੜ
ਐਂਬੂਲੈਂਸ ਵਿੱਚ ਮਰੀਜ਼ ਦੇ ਨਾਲ ਉਸ ਦੀ ਪਤਨੀ ਅਤੇ ਪਤਨੀ ਦਾ ਭਰਾ ਵੀ ਸੀ। ਜਦੋਂ ਉਹ ਸਿਧਾਰਥਨਗਰ ਵੱਲ ਵਧ ਰਹੇ ਸਨ ਤਾਂ ਰਸਤੇ ‘ਚ ਐਂਬੂਲੈਂਸ ਚਾਲਕ ਨੇ ਔਰਤ ਨੂੰ ਸਾਹਮਣੇ ਬੈਠਣ ਲਈ ਕਿਹਾ ਤਾਂ ਕਿ ਪੁਲਿਸ ਰਾਤ ਨੂੰ ਉਸ ਨੂੰ ਨਾ ਰੋਕੇ। ਇਸ ਹਾਲਤ ‘ਚ ਔਰਤ ਸਾਹਮਣੇ ਵਾਲੀ ਸੀਟ ‘ਤੇ ਬੈਠ ਗਈ। ਇਸ ਤੋਂ ਬਾਅਦ ਡਰਾਈਵਰ ਅਤੇ ਉਸ ਦੇ ਸਹਾਇਕ ਨੇ ਉਸ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ।
ਭਰਾ ਨੂੰ ਕੈਬਿਨ ‘ਚ ਬੰਦ ਕਰ ਦਿੱਤਾ
ਮੀਡੀਆ ਰਿਪੋਰਟਾਂ ਮੁਤਾਬਕ ਔਰਤ ਨੇ ਦੱਸਿਆ ਕਿ ਜਦੋਂ ਉਸ ਦੇ ਪਤੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਪਤੀ ਅਤੇ ਭਰਾ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਪਰ ਡਰਾਈਵਰ ਅਤੇ ਉਸ ਦਾ ਸਹਾਇਕ ਉਸ ਨੂੰ ਪ੍ਰੇਸ਼ਾਨ ਕਰਦੇ ਰਹੇ। ਬਾਅਦ ‘ਚ ਛਾਉਣੀ ਥਾਣੇ ਦੀ ਮੁੱਖ ਸੜਕ ‘ਤੇ ਐਂਬੂਲੈਂਸ ਨੂੰ ਰੋਕ ਕੇ ਡਰਾਈਵਰ ਅਤੇ ਉਸ ਦੇ ਸਹਾਇਕ ਨੇ ਔਰਤ ਦੇ ਪਤੀ ਦਾ ਆਕਸੀਜਨ ਮਾਸਕ ਉਤਾਰ ਕੇ ਉਸ ਨੂੰ ਬਾਹਰ ਸੁੱਟ ਦਿੱਤਾ ਅਤੇ ਭਰਾ ਨੂੰ ਸਾਹਮਣੇ ਵਾਲੇ ਕੈਬਿਨ ‘ਚ ਬੰਦ ਕਰ ਦਿੱਤਾ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਸਤਲੁਜ ਐਕਸਪ੍ਰੈਸ ‘ਤੇ ਹੋਇਆ ਪਥਰਾਅ, 4 ਸਾਲਾ ਬੱਚਾ ਹੋਇਆ ਗੰਭੀਰ ਜ਼ਖ਼ਮੀ
30 ਸਾਲਾ ਔਰਤ ਨੇ ਦੱਸਿਆ ਕਿ ਦੋਵਾਂ ਨੇ ਉਸ ਦੇ ਪਰਸ ਵਿੱਚੋਂ 10,000 ਰੁਪਏ ਅਤੇ ਉਸ ਦੇ ਗਹਿਣੇ, ਆਧਾਰ ਕਾਰਡ ਅਤੇ ਹਸਪਤਾਲ ਦੀ ਰਿਪੋਰਟ ਵਰਗੀਆਂ ਚੀਜ਼ਾਂ ਚੋਰੀ ਕਰ ਲਈਆਂ। ਔਰਤ ਦੇ ਅਨੁਸਾਰ ਜਦੋਂ ਉਹ ਗੋਰਖਪੁਰ ਦੇ ਮੈਡੀਕਲ ਕਾਲਜ ਜਾ ਰਹੇ ਸਨ ਤਾਂ ਉਸ ਦੇ ਪਤੀ ਦੀ ਮੌਤ ਹੋ ਗਈ।