ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਹ ਸੈਸ਼ਨ ਕੁੱਲ 23 ਦਿਨਾਂ ਦਾ ਹੋਵੇਗਾ, ਜਿਸ ਵਿੱਚ 17 ਬੈਠਕਾਂ ਹੋਣਗੀਆਂ। ਇਸ ਮੌਕੇ ਸਰਕਾਰ ਵੱਲੋਂ ਕੁੱਲ 16 ਬਿੱਲ ਪੇਸ਼ ਕੀਤੇ ਜਾਣਗੇ। ਵਿਰੋਧੀ ਧਿਰ ਸੈਸ਼ਨ ਦੌਰਾਨ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ‘ਤੇ ਚਰਚਾ ਕਰਨ ਦੀ ਰਣਨੀਤੀ ਬਣਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਸੰਸਦ ਦੇ ਸੈਸ਼ਨ ਦੌਰਾਨ ਔਰਤਾਂ ਦੇ ਰਾਖਵੇਂਕਰਨ ਦਾ ਮੁੱਦਾ ਫਿਰ ਉਠ ਸਕਦਾ ਹੈ।
ਇਸ ਤੋਂ ਇਲਾਵਾ ਮੋਰਬੀ ਕਾਂਡ, ਮਹਿੰਗਾਈ, ਬੇਰੁਜ਼ਗਾਰੀ, ਚੋਣ ਕਮਿਸ਼ਨ ਅਰੁਣ ਗੋਇਲ ਦੀ ਨਿਯੁਕਤੀ ਅਤੇ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਤੇ ਕੌਲਿਜੀਅਮ ਪ੍ਰਣਾਲੀ ਨੂੰ ਲੈ ਕੇ ਵਿਰੋਧੀ ਧਿਰ ਕੇਂਦਰ ਨੂੰ ਘੇਰ ਸਕਦੀ ਹੈ। ਸਦਨ ਦੀ ਕਾਰਵਾਈ 29 ਦਸੰਬਰ ਨੂੰ ਖਤਮ ਹੋਵੇਗੀ।ਇਸ ਤੋਂ ਪਹਿਲਾਂ ਬੀਤੇ ਕੱਲ੍ਹ ਮੰਗਲਵਾਰ ਨੂੰ ਆਲ ਪਾਰਟੀ ਮੀਟਿੰਗ ਹੋਈ।
ਜਿਸ ਵਿੱਚ ਵਿਰੋਧੀ ਪਾਰਟੀਆਂ ਨੇ ਵਧਦੀਆਂ ਕੀਮਤਾਂ, ਬੇਰੁਜ਼ਗਾਰੀ ਅਤੇ ਈਡਬਲਿਊਐਸ ਰਿਜ਼ਰਵੇਸ਼ਨ ‘ਤੇ ਚਰਚਾ ਦੀ ਮੰਗ ਕੀਤੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਕ ਦਿਨ ਵਿਚ ਚੋਣ ਕਮਿਸ਼ਨਰ ਦੀ ਨਿਯੁਕਤੀ ਦਾ ਮੁੱਦਾ ਉਠਾਇਆ। ਟੀਐਮਸੀ ਨੇਤਾ ਡੇਰੇਕ ਓ ਬ੍ਰਾਇਨ ਨੇ ਕਿਹਾ ਕਿ ਸੈਸ਼ਨ ਦੌਰਾਨ ਵਿਰੋਧੀ ਧਿਰ ਨੂੰ ਆਪਣੀ ਆਵਾਜ਼ ਉਠਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਸੰਸਦ ‘ਚ ਹੰਗਾਮੇ ਕਾਰਨ ਦੇਸ਼ ਦਾ ਬਹੁਤ ਨੁਕਸਾਨ ਹੁੰਦਾ ਹੈ। ਉਨ੍ਹਾਂ ਨੇ ਸਾਰੇ ਸਿਆਸੀ ਦਲਾਂ ਤੋਂ ਸਰਦ ਰੁੱਤ ਸੈਸ਼ਨ ਨੂੰ ਵੱਧ ਤੋਂ ਵੱਧ ਸਾਰਥਕ ਬਣਾਉਣ ਦੀ ਦਿਸ਼ਾ ‘ਚ ਸਮੂਹਿਕ ਕੋਸ਼ਿਸ਼ ਕਰਨ ਦੀ ਅਪੀਲ ਕੀਤੀ। ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਨੂੰ ਜੀ-20 ਦੀ ਪ੍ਰਧਾਨਗੀ ਮਿਲਣਾ ਇਕ ਬਹੁਤ ਵੱਡਾ ਮੌਕਾ ਹੈ।
ਸਾਰੀਆਂ ਸਿਆਸੀ ਪਾਰਟੀਆਂ ਨਾਲ ਹੋਈ ਗੱਲਬਾਤ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਹੁਤ ਹੀ ਸੁਖਾਵੇਂ ਮਾਹੌਲ ‘ਚ ਹੋਈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਦਾ ਪ੍ਰਤੀਬਿੰਬ ਸੈਸ਼ਨ ਦੌਰਾਨ ਦੇਖਣ ਨੂੰ ਮਿਲੇਗਾ। ਮੋਦੀ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰ, ਖਾਸ ਤੌਰ ‘ਤੇ ਨੌਜਵਾਨ ਸੰਸਦ ਮੈਂਬਰ, ਜੋ ਅਕਸਰ ਉਨ੍ਹਾਂ ਨੂੰ ਮਿਲਦੇ ਹਨ, ਦੱਸਦੇ ਹਨ ਕਿ ਸਦਨ ‘ਚ ਹੰਗਾਮੇ ਕਾਰਨ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਹੁੰਦਾ ਹੈ।