ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਨਸ਼ੀਲੇ ਪਦਾਰਥ ਸਣੇ 3 ਨੌਜਵਾਨਾਂ ਨੂੰ ਕੀਤਾ ਕਾਬੂ
ਅਬੋਹਰ ਪੁਲਿਸ ਥਾਣਾ ਬਹਾਵ ਵਾਲਾ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਦੀਆਂ ਟੀਮਾਂ ਨੇ ਦੋ ਵੱਖ-ਵੱਖ ਪਿੰਡਾਂ ‘ਚ ਗਸ਼ਤ ਕਰਦੇ ਹੋਏ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਨੌਜਵਾਨਾਂ ਨੂੰ ਡੇਢ ਕਿੱਲੋ ਅਫੀਮ ਸਮੇਤ ਕਾਬੂ ਕੀਤਾ। ਇਹ ਨੌਜਵਾਨ ਪੰਜਾਬ ‘ਚ ਦਾਖਲ ਹੋ ਕੇ ਵੱਖ-ਵੱਖ ਇਲਾਕਿਆਂ ‘ਚ ਸਪਲਾਈ ਕਰਨਾ ਚਾਹੁੰਦੇ ਸਨ ਪਰ ਪੁਲਿਸ ਨੇ ਉਨ੍ਹਾਂ ਦੀ ਯੋਜਨਾ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਪੁਲਿਸ ਨੇ ਕੁੱਲ ਤਿੰਨ ਨੌਜਵਾਨਾਂ ਨੂੰ ਭਾਰੀ ਮਾਤਰਾ ਵਿੱਚ ਅਫੀਮ ਸਮੇਤ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਲਈ ਤਲਾਸ਼ੀ
ਥਾਣਾ ਬਹਾਵ ਵਾਲਾ ਦੇ ਸਹਾਇਕ ਐੱਸਐੱਚਓ ਸੁਖਪਾਲ ਸਿੰਘ ਬੀਤੀ ਸ਼ਾਮ ਬਹਾਵ ਵਾਲਾ ਤੋਂ ਖੰਟਾ ਰੋਡ ‘ਤੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੇ ਮੋਟਰਸਾਈਕਲ ‘ਤੇ ਜਾ ਰਹੇ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਤਲਾਸ਼ੀ ਲਈ। ਉਨ੍ਹਾਂ ਕੋਲੋਂ 500 ਗ੍ਰਾਮ ਅਫੀਮ ਬਰਾਮਦ ਹੋਈ। ਫੜੇ ਗਏ ਨੌਜਵਾਨਾਂ ਦੀ ਪਛਾਣ ਸਵਾਈ ਸਿੰਘ ਪੁੱਤਰ ਪੱਪੂ ਸਿੰਘ ਵਾਸੀ ਬੀਕਾਨੇਰ, ਰਾਜਸਥਾਨ ਅਤੇ ਰਾਧੇ ਸ਼ਿਆਮ ਪੁੱਤਰ ਬਜਰੰਗ ਸਿੰਘ ਵਾਸੀ ਕਰਨਪੁਰ, ਰਾਜਸਥਾਨ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਐਨ.ਡੀ.ਪੀ.ਐੱਸ ਦੀ ਧਾਰਾ 18 ਤਹਿਤ 50 ਦਾ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ :ਵਿਦੇਸ਼ ‘ਚ ਪੰਜਾਬੀ ਨੌਜਵਾਨ ਦੀ ਅਚਾਨਕ ਹੋਈ ਮੌ.ਤ, ਕੁੱਝ ਦਿਨ ਪਹਿਲਾਂ…
ਇਕ ਹੋਰ ਮਾਮਲੇ ‘ਚ ਥਾਣਾ ਬਹਾਵਵਾਲਾ ਦੇ ਸਹਾਇਕ ਐੱਸ.ਐੱਚ.ਓ ਲਖਵਿੰਦਰ ਸਿੰਘ ਬੀਤੀ ਸ਼ਾਮ ਰਾਮਪੁਰਾ ਨਰਾਇਣਪੁਰਾ ਨੇੜੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਰਾਧੇ ਸ਼ਿਆਮ ਪੁੱਤਰ ਕਜੋਡਮਲ ਵਾਸੀ ਪਿੰਡ ਪਿਪਰਵਾਹ, ਜੋ ਕਿ ਅਫ਼ੀਮ ਵੇਚਣ ਦਾ ਧੰਦਾ ਕਰਦਾ ਹੈ। ਉਹ ਅਫੀਮ ਵੇਚ ਕੇ ਰਾਜਸਥਾਨ ਤੋਂ ਪਿੰਡ ਕੁਲਾਰ ਨੂੰ ਪੈਦਲ ਆ ਰਿਹਾ ਸੀ, ਜਿਸ ‘ਤੇ ਪੁਲਿਸ ਨੇ ਨਾਕਾਬੰਦੀ ਕਰਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 1 ਕਿਲੋ ਅਫੀਮ ਬਰਾਮਦ ਹੋਈ। ਪੁਲਿਸ ਨੇ ਉਸਨੂੰ ਕਾਬੂ ਕਰ ਲਿਆ ਅਤੇ ਉਸਦੇ ਖਿਲਾਫ ਐਨ.ਡੀ.ਪੀ.ਐੱਸ ਦੀ ਧਾਰਾ 18 ਦੇ ਤਹਿਤ 51 ਦਾ ਮਾਮਲਾ ਦਰਜ ਕਰ ਲਿਆ।