ਸੈਲਾਨੀਆਂ ਨਾਲ ਕੁੱਟਮਾਰ ਮਗਰੋਂ ਹਿਮਾਚਲ ‘ਚ ਘਟੀ ਟੂਰਿਸਟਾਂ ਦੀ ਗਿਣਤੀ
ਹਿਮਾਚਲ ਪ੍ਰਦੇਸ਼ ‘ਚ ਸੈਲਾਨੀਆਂ ਨਾਲ ਹੋਈ ਕੁੱਟਮਾਰ ਮਗਰੋਂ ਸੂਬੇ ਦੇ ਸੈਰ-ਸਪਾਟੇ ‘ਤੇ ਮਾੜਾ ਅਸਰ ਪੈਂਦਾ ਨਜ਼ਰ ਆ ਰਿਹਾ ਹੈ | ਜਿਸ ਕਾਰਨ ਪਹਾੜਾਂ ਦੇ ਹੋਟਲ ਟੂਰਿਸਟਾਂ ਨੂੰ ਤਰਸ ਗਏ ਹਨ ਜਿਸਦੇ ਚੱਲਦਿਆਂ ਸੂਬੇ ਦੀ ਹੋਟਲ ਐਂਡ ਟੂਰਿਜ਼ਮ ਸਟੇਕਹੋਲਡਰ ਐਸੋਸੀਏਸ਼ਨ ਚਿੰਤਤ ਹੋ ਗਈ ਹੈ ਅਤੇ ਸੈਲਾਨੀਆਂ ਨੂੰ ਹਿਮਾਚਲ ਦੀ ਸੈਰ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਵੀ ਇਸ ਮਾਮਲੇ ਵਿੱਚ ਚੌਕਸ ਹੈ ਅਤੇ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਹਿਮਾਚਲ ਸੈਲਾਨੀਆਂ ਲਈ ਸੁਰੱਖਿਅਤ ਹੈ।
ਸੈਲਾਨੀਆਂ ਉੱਤੇ ਹੋਏ ਹਮਲੇ ਬਾਅਦ ਸੈਰ ਸਪਾਟੇ ‘ਤੇ ਪਿਆ ਮਾੜਾ ਪ੍ਰਭਾਵ
ਦਰਅਸਲ ਹਾਲ ਹੀ ਵਿੱਚ ਚੰਬਾ ਅਤੇ ਰਾਜ ਦੇ ਹੋਰ ਹਿੱਸਿਆਂ ਵਿੱਚ ਸੈਲਾਨੀਆਂ ਉੱਤੇ ਹਮਲੇ ਅਤੇ ਹੋਰ ਘਟਨਾਵਾਂ ਨੇ ਸੈਰ ਸਪਾਟੇ ਉੱਤੇ ਮਾੜਾ ਪ੍ਰਭਾਵ ਪਾਇਆ ਹੈ। ਹਿਮਾਚਲ ‘ਚ ਹੁਣ ਟੂਰਿਸਟ ਓਨੀ ਗਿਣਤੀ ‘ਚ ਨਹੀਂ ਆ ਰਹੇ ਹਨ, ਜਿੰਨੀ ਗਿਣਤੀ ‘ਚ 15 ਜੂਨ ਵਿਚਾਲੇ ਆ ਰਹੇ ਸਨ। ਕੁਝ ਸ਼ਰਾਰਤੀ ਅਨਸਰਾਂ ਕਾਰਨ ਪੂਰੇ ਹਿਮਾਚਲ ਦੀ ਬਦਨਾਮੀ ਹੋਈ ਹੈ ਪਰ ਹਿਮਾਚਲ ਪ੍ਰਦੇਸ਼ ਸਰਕਾਰ ਅਤੇ ਪੁਲਿਸ ਸੈਲਾਨੀਆਂ ਦੀ ਸੁਰੱਖਿਆ ਲਈ ਚੌਕਸ ਹੈ। ਪੁਲਿਸ ਨੂੰ ਵੀ ਸੈਲਾਨੀਆਂ ਨਾਲ ਸਹਿਯੋਗ ਕਰਨ ਦੇ ਹੁਕਮ ਦਿੱਤੇ ਗਏ ਹਨ।
ਸੈਲਾਨੀ ਬਿਨਾਂ ਕਿਸੇ ਚਿੰਤਾ ਦੇ ਆਉਣ ਹਿਮਾਚਲ
ਹਿਮਾਚਲ ਪ੍ਰਦੇਸ਼ ਹੋਟਲ ਐਂਡ ਟੂਰਿਜ਼ਮ ਸਟੇਕਹੋਲਡਰ ਐਸੋਸੀਏਸ਼ਨ ਦੇ ਪ੍ਰਧਾਨ ਗਜੇਂਦਰ ਠਾਕੁਰ ਨੇ ਸੈਲਾਨੀਆਂ ਨੂੰ ਹਿਮਾਚਲ ਆਉਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਸੈਲਾਨੀਆਂ ਦਾ ਸਵਾਗਤ ਹੈ। ਕੁਝ ਸ਼ਰਾਰਤੀ ਅਨਸਰਾਂ ਕਾਰਨ ਪੂਰੇ ਹਿਮਾਚਲ ਨੂੰ ਬਦਨਾਮ ਕਰਨਾ ਠੀਕ ਨਹੀਂ ਹੈ। ਸਰਕਾਰ ਹਿਮਾਚਲ ਪ੍ਰਦੇਸ਼ ਵਿੱਚ ਸੈਲਾਨੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਰਹੀ ਹੈ। ਘਬਰਾਉਣ ਦੀ ਲੋੜ ਨਹੀਂ ਹੈ। ਸੈਲਾਨੀ ਬਿਨਾਂ ਕਿਸੇ ਚਿੰਤਾ ਦੇ ਹਿਮਾਚਲ ਆਉਣ।
ਕੋਰੋਨਾ ਅਤੇ ਕੁਦਰਤੀ ਆਫ਼ਤ ਤੋਂ ਬਾਅਦ ਹਿਮਾਚਲ ਵਿੱਚ ਸੈਲਾਨੀਆਂ ਦੀ ਆਮਦ ਵਧੀ
ਇਸ ਵਾਰ 15 ਮਈ ਤੋਂ ਬਾਅਦ ਸ਼ਿਮਲਾ, ਚੰਬਾ ਅਤੇ ਮਨਾਲੀ ‘ਚ ਵੱਡੀ ਗਿਣਤੀ ‘ਚ ਸੈਲਾਨੀ ਪਹੁੰਚੇ ਅਤੇ ਸੈਲਾਨੀਆਂ ਦਾ ਆਉਣਾ 15 ਜੁਲਾਈ ਤੱਕ ਜਾਰੀ ਰਹਿਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਅਤੇ ਕੁਦਰਤੀ ਆਫ਼ਤ ਤੋਂ ਬਾਅਦ ਹਿਮਾਚਲ ਵਿੱਚ ਸੈਲਾਨੀਆਂ ਦੀ ਆਮਦ ਵਧੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ , ਅਧਿਆਪਕਾਂ ਤੇ ਨੌਨ ਟੀਚਿੰਗ ਸਟਾਫ਼ ਦੀਆਂ ਤਨਖਾਹਾਂ ‘ਚ ਕੀਤਾ ਵਾਧਾ
ਇਸੇ ਦੌਰਾਨ ਭਾਜਪਾ ਹਿਮਾਚਲ ਦੇ ਇੰਚਾਰਜ ਅਵਿਨਾਸ਼ ਰਾਏ ਖੰਨਾ ਨੇ ਵੀ ਪੰਜਾਬ ਦੇ ਸੈਲਾਨੀਆਂ ਨਾਲ ਵਾਪਰੀਆਂ ਘਟਨਾਵਾਂ ਸਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਪੰਜਾਬ ਅਤੇ ਹਿਮਾਚਲ ਦੇ ਵਿਗੜ ਰਹੇ ਸਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ ਐਡਵਾਈਜ਼ਰੀ ਜਾਰੀ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਦੋਵੇਂ ਸੂਬਿਆਂ ਵਿਚਕਾਰ ਸਬੰਧ ਨਾ ਵਿਗੜਨ।