ਨਵ ਵਿਆਹੁਤਾ ਨੇ ਫੰਦਾ ਲਗਾ ਕੀਤੀ ਖ਼ੁਦਕੁਸ਼ੀ , 4 ਮਹੀਨੇ ਪਹਿਲਾਂ ਹੀ ਘਰੋਂ ਭੱਜ ਕਰਵਾਈ ਸੀ ਲਵ-ਮੈਰਿਜ
ਜ਼ੀਰਾ ਤੋਂ ਇੱਕ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਬੀਤੀ ਰਾਤ ਇੱਕ ਨਵ ਵਿਆਹੁਤਾ ਨੇ ਫੰਦਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਕਿਹਾ ਜਾ ਰਿਹਾ ਹੈ ਕਿ ਕੁੜੀ ਕਾਫੀ ਸਮੇਂ ਤੋਂ ਪਰੇਸ਼ਾਨ ਚੱਲ ਰਹੀ ਸੀ | ਮ੍ਰਿਤਕ ਕੁੜੀ ਨੇ ਘਰਦਿਆਂ ਦੀ ਮਰਜ਼ੀ ਦੇ ਖਿਲਾਫ ਘਰੋਂ ਭੱਜ ਕੇ ਪ੍ਰੇਮ ਵਿਵਾਹ ਕਰਵਾਇਆ ਸੀ। ਸੁਸਾਈਡ ਕਰਨ ਤੋਂ ਪਹਿਲਾਂ ਕੁੜੀ ਵੱਲੋਂ ਲੜਕੇ ਨਾਲ ਕੀਤੀ ਗਈ ਚੈਟਿੰਗ ਵੀ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਵੱਲੋਂ ਸਹੁਰਿਆਂ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਵੀ ਲਗਾਏ ਗਏ ਹਨ।
ਸਹੁਰਾ ਪਰਿਵਾਰ ਵੱਲੋਂ ਕੀਤੀ ਜਾਂਦੀ ਸੀ ਕੁੱਟਮਾਰ
ਮ੍ਰਿਤਕ ਲੜਕੀ ਦੇ ਚਾਚੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਲੜਕੀ ਵੱਲੋਂ ਚਾਰ ਪੰਜ ਮਹੀਨੇ ਪਹਿਲਾਂ ਹੀ ਆਪਣੇ ਘਰਦਿਆਂ ਦੀ ਮਰਜ਼ੀ ਦੇ ਖਿਲਾਫ ਘਰੋਂ ਭੱਜ ਕੇ ਜੀਰਾ ਦੇ ਪਿੰਡ ਛੀਹਾ ਪਾੜੀ ਦੇ ਇੱਕ ਨੌਜਵਾਨ ਨਾਲ ਪ੍ਰੇਮ ਵਿਵਾਹ ਕਰਵਾਇਆ ਸੀ। ਕੁਝ ਦਿਨਾਂ ਬਾਅਦ ਹੀ ਪਰਿਵਾਰਕ ਮੈਂਬਰਾਂ ਵੱਲੋਂ ਇਸ ਰਿਸ਼ਤੇ ਨੂੰ ਸਵੀਕਾਰ ਕਰ ਲਿਆ ਗਿਆ ਸੀ ਪਰ ਲੜਕੀ ਦੇ ਸਹੁਰਾ ਪਰਿਵਾਰ ਵੱਲੋਂ ਕੁਝ ਸਮਾਂ ਬਾਅਦ ਹੀ ਉਸ ਦੇ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਸਹੁਰਿਆਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਜਾਣ ਲੱਗੀ । ਬੀਤੇ ਦਿਨੀ ਵੀ ਸਹੁਰਾ ਪਰਿਵਾਰ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਸੀ । ਜਿਸ ਤੋਂ ਬਾਅਦ ਕੁੜੀ ਵੱਲੋਂ ਫੋਨ ਕੀਤੇ ਜਾਣ ‘ਤੇ ਉਹ ਉਸ ਨੂੰ ਉਸ ਦੇ ਸਹੁਰੇ ਘਰੋਂ ਲੈ ਆਇਆ ਅਤੇ ਬੀਤੀ ਰਾਤ ਉਸ ਵੱਲੋਂ ਇਸੇ ਪਰੇਸ਼ਾਨੀ ਦੇ ਚਲਦਿਆਂ ਘਰ ਦੇ ਵਿੱਚ ਪੱਖੇ ਨਾਲ ਫੰਦਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਕੁੜੀ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਰਾਹ ਜਾਂਦੇ ਟਰੱਕ ਨਾਲ ਵਾਪਰਿਆ ਵੱਡਾ ਹਾਦਸਾ , ਮਿੰਟਾਂ- ਸਕਿੰਟਾਂ ‘ਚ ਹੋਇਆ ਸਵਾਹ
ਇਸ ਪੂਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ASI ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਿਵਲ ਹਸਪਤਾਲ ਜੀਰਾ ਤੋਂ ਇਸ ਸਬੰਧੀ ਸੂਚਿਤ ਕੀਤਾ ਗਿਆ ਸੀ। ਸੂਚਨਾ ਮਿਲਦਿਆਂ ਹੀ ਉਹ ਮੌਕੇ ਤੇ ਪਹੁੰਚ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।