ਕਿਸਾਨੀ ਸੰਘਰਸ਼ ਦੌਰਾਨ ਹਰਿਆਣਾ ਪੁਲਿਸ ਦੀ ਕਾਰਵਾਈ ‘ਚ ਜ਼ਖਮੀ ਹੋਏ ਕਿਸਾਨ ਪ੍ਰਿਤਪਾਲ ਸਿੰਘ ਨੂੰ ਪੰਜਾਬ ਸਰਕਾਰ ਦੇ ਹਵਾਲੇ ਕਰਨ ਲਈ ਚੀਫ਼ ਸੈਕਟਰੀ ਪੰਜਾਬ ਵੱਲੋਂ ਹਰਿਆਣਾ ਸਰਕਾਰ ਨੂੰ ਪੱਤਰ ਲਿਖਿਆ ਗਿਆ ਹੈ।
ਦੱਸ ਦੇਈਏ ਕਿ ਇਸ ਸਮੇਂ ਜ਼ਖਮੀ ਪ੍ਰਿਤਪਾਲ ਸਿੰਘ ਦਾ ਇਲਾਜ PGI ਰੋਹਤਕ ‘ਚ ਚੱਲ ਰਿਹਾ ਹੈ। ਉਸਨੂੰ ਪੰਜਾਬ ਸਰਕਾਰ ਨੂੰ ਸੌਂਪਿਆ ਜਾਵੇ ਤਾਂ ਜੋ ਉਸਦਾ ਮੁਫ਼ਤ ਇਲਾਜ ਕਰਵਾਇਆ ਜਾ ਸਕੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਦਾ ਕੋਈ ਹੋਰ ਅੰਦੋਲਨਕਾਰੀ ਕਿਸਾਨ ਹਰਿਆਣਾ ਵਿੱਚ ਇਲਾਜ ਅਧੀਨ ਹੈ ਤਾਂ ਉਸ ਨੂੰ ਵੀ ਸਾਡੇ ਹਵਾਲੇ ਕੀਤਾ ਜਾਵੇ।
ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਹਰਿਆਣਾ ਸਰਕਾਰ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਗਈ ਹੈ ਕਿ ਹਰਿਆਣਾ ਦੇ ਅਧਿਕਾਰ ਖੇਤਰ ਪੀ ਜੀ ਆਈ ਰੋਹਤਕ ਵਿੱਚ ਦਾਖਲ ਪੰਜਾਬ ਦੇ ਜਖਮੀ ਪ੍ਰਿਤਪਾਲ ਸਿੰਘ ਨੂੰ ਤੁਰੰਤ ਪੰਜਾਬ ਸਰਕਾਰ ਦੇ ਹਵਾਲੇ ਕੀਤਾ ਜਾਵੇ ਤਾਂ ਜੋ ਉਹਨਾਂ ਦਾ ਮੁਫ਼ਤ ਅਤੇ ਯਕੀਨੀ ਇਲਾਜ ਕਰਵਾਇਆ ਜਾ ਸਕੇ।
ਦੂਜੇ ਪਾਸੇ ਜਖਮੀ ਅੰਮ੍ਰਿਤਧਾਰੀ ਨੌਜਵਾਨ ਦੇ ਪਿੰਡ ਨਵਾਂ ਗਾਉ ਦੇ ਵਾਸੀਆਂ ਨੂੰ ਇਹ ਡਰ ਹੈ ਕਿ ਜੇ ਛੇਤੀ ਜਖਮੀ ਨੌਜਵਾਨ ਨੂੰ ਪੀ ਜੀ ਆਈ ਚੰਡੀਗੜ੍ਹ ਵਿਖੇ ਇਲਾਜ ਲਈ ਨਾ ਭੇਜਿਆ ਗਿਆ ਤਾਂ ਹੋ ਸਕਦਾ ਹੈ ਉਸ ਦੇ ਨਾਲ ਕੋਈ ਅਣਹੋਣੀ ਨਾ ਵਾਪਰ ਜਾਵੇ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਖਮੀ ਅੰਮ੍ਰਿਤਧਾਰੀ ਨੌਜਵਾਨ ਪ੍ਰਿਤਪਾਲ ਸਿੰਘ ਦੇ ਰਿਸ਼ਤੇਦਾਰ ਅਤੇ ਨਵਾਂ ਗਾਉਂ ਦੇ ਰਹਿਣ ਵਾਲੇ ਗੁਰਨਾਮ ਸਿੰਘ ਨੇ ਦੱਸਿਆ ਕਿ ਹਰਿਆਣਾ ਪੁਲਿਸ ਵੱਲੋਂ ਅੰਮ੍ਰਿਤਧਾਰੀ ਨੌਜਵਾਨ ਦੀ ਲੱਤ ਤੋੜ ਦਿੱਤੀ ਗਈ। ਉਸ ਦਾ ਜਬਾੜਾ ਤੋੜਿਆ ਗਿਆ ਅਤੇ ਉਸ ਦੇ ਕੇਸਾਂ ਅਤੇ ਦਸਤਾਰ ਦੀ ਬੇਅਦਬੀ ਵੀ ਕੀਤੀ ਗਈ।