ਕੈਨੇਡਾ ਗਏ ਵਿਦਿਆਰਥੀਆਂ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ! ਸਰਕਾਰ ਲੈਣ ਜਾ ਰਹੀ ਇਹ ਫ਼ੈਸਲਾ
ਕੈਨੇਡਾ ਸਰਕਾਰ ਵਿਦੇਸ਼ੀ ਵਿਦਿਆਰਥੀਆਂ ਲਈ ਦਿਨੋ -ਦਿਨ ਸਖ਼ਤ ਹੁੰਦੀ ਜਾ ਰਹੀ ਹੈ ਤੇ ਮੁੜ ਤੋਂ ਫਿਰ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਸਰਕਾਰ ਕੈਨੇਡਾ ਗਏ ਵਿਦਿਆਰਥੀਆਂ ਲਈ ਕੋਈ ਸਖ਼ਤ ਫ਼ੈਸਲਾ ਲੈ ਸਕਦੀ ਹੈ | ਦਰਅਸਲ, ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਆਖਿਆ ਹੈ ਕਿ ਆਉਣ ਵਾਲੇ ਹਫ਼ਤਿਆਂ ਵਿਚ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸ਼ਰਨ ਪ੍ਰਣਾਲੀਆਂ ਵਿਚ ਹੋਰ ਸੁਧਾਰਾਂ ਦਾ ਪ੍ਰਸਤਾਵ ਪੇਸ਼ ਕੀਤਾ ਜਾਵੇਗਾ। ਕੌਮਾਂਤਰੀ ਵਿਦਿਆਰਥੀਆਂ ਵੱਲੋਂ ਕੈਨੇਡਾ ਵਿਚ ਪਨਾਹ ਮੰਗਣ ਦਾ ਰਾਹ ਬੰਦ ਕੀਤਾ ਜਾ ਸਕਦਾ ਹੈ। ਇਸ ਨਾਲ ਕੈਨੇਡਾ ਗਏ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ |
ਅੰਕੜਾ ਲਗਾਤਾਰ ਵਧਦਾ ਜਾ ਰਿਹਾ
ਮਾਰਕ ਮਿਲਰ ਨੇ ਪਾਰਲੀਮਾਨੀ ਕਮੇਟੀ ਅੱਗੇ ਪੇਸ਼ ਹੋਣ ਦੌਰਾਨ ਆਖਿਆ ਕਿ ਅਸਾਇਲਮ ਸਿਸਟਮ (Asylum system) ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਜਿਸ ਨੂੰ ਮੁਕੰਮਲ ਤੌਰ ਉਤੇ ਬਦਲਣਾ ਹੋਵੇਗਾ। ਕੈਨੇਡੀਅਨ ਅਧਿਕਾਰੀਆਂ ਵੱਲੋਂ ਪ੍ਰਦਾਨ ਕੀਤੇ ਗਏ ਅੰਕੜੇ ਦਰਸਾਉਂਦੇ ਹਨ ਕਿ ਸ਼ਰਨਾਰਥੀ ਤੇ ਪਨਾਹ ਦੇ ਦਾਅਵਿਆਂ ’ਤੇ ਕਾਰਵਾਈ ਕਰਨ ਲਈ ਔਸਤਨ ਉਡੀਕ ਦਾ ਸਮਾਂ ਲਗਭਗ 44 ਮਹੀਨੇ ਹੈ। ਇਮੀਗ੍ਰੇਸ਼ਨ ਅਤੇ ਰਫ਼ਿਊਜੀ ਬੋਰਡ ਕੋਲ ਅਕਤੂਬਰ ਦੇ ਅੰਤ ਤੱਕ ਅਸਾਇਲਮ ਦੇ 2 ਲੱਖ 60 ਹਜ਼ਾਰ ਤੋਂ ਵੱਧ ਦਾਅਵੇ ਵਿਚਾਰ ਅਧੀਨ ਸਨ ਅਤੇ ਜਦਕਿ ਇਹ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ।
ਆਉਣ ਵਾਲੇ ਦਿਨਾਂ ਵਿਚ ਹਜ਼ਾਰਾਂ ਦਾਅਵੇ ਹੋ ਸਕਦੇ ਰੱਦ
ਵਿਜ਼ਟਰ ਵੀਜ਼ੇ ਉਤੇ ਆਉਣ ਮਗਰੋਂ ਅਸਾਇਲਮ ਦਾ ਦਾਅਵਾ ਕਰਨ ਵਾਲਿਆਂ ਦੇ ਮਾਮਲਿਆਂ ਨੂੰ ਜਲਦ ਤੋਂ ਜਲਦ ਨਿਬੇੜਨ ਲਈ ਕੈਨੇਡਾ ਸਰਕਾਰ ਨੇ ਤਿਆਰੀ ਕਰ ਲਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹਜ਼ਾਰਾਂ ਦਾਅਵੇ ਰੱਦ ਹੋ ਸਕਦੇ ਹਨ। ਮਾਰਕ ਮਿਲਰ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਲੋਕਾਂ ਨੇ ਗ਼ੈਰਵਾਜਬ ਤਰੀਕੇ ਨਾਲ ਪਨਾਹ ਦੇ ਦਾਅਵੇ ਕੀਤੇ ਜਦਕਿ ਉਹ ਇਸ ਦੇ ਬਿਲਕੁਲ ਵੀ ਯੋਗ ਨਹੀਂ ਸਨ। ਇਹ ਹਜ਼ਾਰਾਂ ਸ਼ਰਨਾਰਥੀ ਦਾਅਵੇ ਦਾਇਰ ਕਰਨ ਵਾਲੇ ਕੌਮਾਂਤਰੀ ਵਿਦਿਆਰਥੀ ਹਨ, ਜਿਨ੍ਹਾਂ ਦੀ ਸਚਾਈ ਉਤੇ ਮਿਲਰ ਨੇ ਸਵਾਲ ਚੁੱਕੇ ਹਨ।
ਪਨਾਹ ਦਾ ਦਾਅਵਾ ਕਰਨ ਦੇ ਹੱਕ ਤੋਂ ਵਾਂਝਾ ਕੀਤਾ ਜਾ ਸਕਦਾ
ਅਕਤੂਬਰ ਵਿਚ 17,400 ਜਣਿਆਂ ਨੇ ਕੈਨੇਡਾ ਵਿਚ ਪਨਾਹ ਦਾ ਦਾਅਵਾ ਕੀਤਾ ਜਦਕਿ ਜੁਲਾਈ ਵਿਚ ਅੰਕੜਾ 20 ਹਜ਼ਾਰ ਦਰਜ ਕੀਤਾ ਗਿਆ ਸੀ। ਅਸਾਇਲਮ ਦੇ 14 ਹਜ਼ਾਰ ਤੋਂ ਵੱਧ ਦਾਅਵੇ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਕੀਤੇ ਗਏ। ਇਮੀਗ੍ਰੇਸ਼ਨ ਮੰਤਰੀ ਨੇ ਪਾਰਲੀਮਾਨੀ ਕਮੇਟੀ ਨੂੰ ਦੱਸਿਆ ਕਿ ਅਸਾਇਲਮ ਸਿਸਟਮ ਵਿਚ ਸੁਧਾਰਾਂ ਦੌਰਾਨ ਕੌਮਾਂਤਰੀ ਵਿਦਿਆਰਥੀਆਂ ਨੂੰ ਪਨਾਹ ਦਾ ਦਾਅਵਾ ਕਰਨ ਦੇ ਹੱਕ ਤੋਂ ਵਾਂਝਾ ਕੀਤਾ ਜਾ ਸਕਦਾ ਹੈ। ਇਮੀਗ੍ਰੇਸ਼ਨ ਮੰਤਰੀ ਵੱਲੋਂ ਨਵੇਂ ਨਿਯਮਾਂ ਬਾਰੇ ਵਿਸਤਾਰਤ ਜਾਣਕਾਰੀ ਨਹੀਂ ਦਿੱਤੀ ਗਈ।