ਪੰਜਾਬ ਤੋਂ ਗਈ ਸੀ ਵਿਦੇਸ਼, ਮੁਟਿਆਰ ਦੀ 2 ਮਹੀਨੇ ‘ਚ ਹੀ ਹੋਈ ਮੌ.ਤ
ਮਾਨਸਾ ਜ਼ਿਲ੍ਹੇ ਦੇ ਇੱਕ ਕਿਸਾਨ ਨੇ ਦੋ ਮਹੀਨੇ ਪਹਿਲਾਂ ਆਪਣੀ ਇੱਕ ਏਕੜ ਜ਼ਮੀਨ ਵੇਚ ਕੇ ਆਪਣੀ ਧੀ ਨੂੰ ਕੈਨੇਡਾ ਭੇਜਿਆ ਸੀ, ਜਿਸ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਆਪਣੀ ਧੀ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਸਦਮੇ ‘ਚ ਹੈ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰ ਰਿਹਾ ਹੈ ਕਿ ਉਨ੍ਹਾਂ ਦੀ ਬੇਟੀ ਦੀ ਲਾਸ਼ ਭਾਰਤ ਲਿਆ ਕੇ ਉਨ੍ਹਾਂ ਨੂੰ ਸੌਂਪੀ ਜਾਵੇ ਤਾਂ ਜੋ ਉਹ ਆਪਣੀ ਬੇਟੀ ਨੂੰ ਆਖਰੀ ਵਾਰ ਦੇਖ ਸਕਣ।
ਮਾਨਸਾ ਜ਼ਿਲ੍ਹੇ ਦੇ ਪਿੰਡ ਬੇਰ ਦੇ ਕਿਸਾਨ ਮਿੱਠੂ ਸਿੰਘ ਨੇ ਆਪਣੀ ਇੱਕ ਏਕੜ ਜ਼ਮੀਨ ਵੇਚ ਕੇ ਆਪਣੀ ਧੀ ਬੇਅੰਤ ਕੌਰ (25) ਨੂੰ 31 ਮਾਰਚ 2024 ਨੂੰ ਕੈਨੇਡਾ ਭੇਜ ਦਿੱਤਾ, ਜਿੱਥੇ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿੱਠੂ ਸਿੰਘ ਨੇ ਦੱਸਿਆ ਕਿ ਉਹ ਦੋ ਏਕੜ ਜ਼ਮੀਨ ਦਾ ਮਾਲਕ ਹੈ ਅਤੇ ਇਕ ਏਕੜ ਜ਼ਮੀਨ ਵੇਚ ਕੇ ਉਸ ਨੇ 26 ਲੱਖ ਰੁਪਏ ਖਰਚ ਕੇ ਆਪਣੀ ਲੜਕੀ ਨੂੰ ਕੈਨੇਡਾ ਭੇਜ ਦਿੱਤਾ। ਹੁਣ ਉਸ ਨੂੰ ਉਥੋਂ ਫ਼ੋਨ ਆਇਆ ਕਿ ਉਸ ਦੀ ਲੜਕੀ ਦੀ ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : ਕ੍ਰਿਕਟਰ ਅਰਸ਼ਦੀਪ ਅੱਜ ਪਹੁੰਚਣਗੇ ਚੰਡੀਗੜ੍ਹ || Cricket News || Chandigarh News
ਉਸ ਨੇ ਦੱਸਿਆ ਕਿ ਉਸ ਦੀ ਬੇਟੀ ਦੀ ਲਾਸ਼ ਨੂੰ ਭਾਰਤ ਲਿਆਉਣ ਲਈ 35 ਲੱਖ ਰੁਪਏ ਦਾ ਖਰਚਾ ਆਵੇਗਾ ਪਰ ਹੁਣ ਉਸ ਕੋਲ ਪੈਸੇ ਨਹੀਂ ਹਨ। ਉਸ ਨੇ ਕਿਹਾ ਕਿ ਅਸੀਂ ਸੋਚਿਆ ਸੀ ਕਿ ਸਾਡੀ ਧੀ ਕੈਨੇਡਾ ਜਾ ਕੇ ਘਰ ਦੀ ਗਰੀਬੀ ਦੂਰ ਕਰੇਗੀ ਅਤੇ ਆਪਣੀਆਂ ਦੋ ਭੈਣਾਂ ਅਤੇ ਭਰਾ ਦਾ ਚੰਗਾ ਭਵਿੱਖ ਬਣਾਵੇਗੀ ਪਰ ਸਾਡੇ ਸੁਪਨੇ ਚਕਨਾਚੂਰ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਹੁਣ ਉਹ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਉਨ੍ਹਾਂ ਦੀ ਬੇਟੀ ਦੀ ਲਾਸ਼ ਭਾਰਤ ਕਿਵੇਂ ਲਿਆਉਣੀ ਹੈ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਧੀ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦਾ ਪ੍ਰਬੰਧ ਕਰਨ ਤਾਂ ਜੋ ਉਹ ਆਪਣੀ ਧੀ ਦਾ ਮੂੰਹ ਆਖਰੀ ਵਾਰ ਦੇਖ ਸਕਣ।









