ਮਸ਼ਹੂਰ ਭਜਨ ਗਾਇਕਾ ਦਾ ਪਤੀ ਨੇ ਕੁੱਟ -ਕੁੱਟ ਕਰ ਦਿੱਤਾ ਕਤਲ || Latest News
ਪਤਨੀ ਜੋ ਆਪਣੇ ਪਤੀ ਲਈ ਜਾਨ ਤੱਕ ਵਾਰ ਦਿੰਦੀ ਹੈ ਅਤੇ ਸਮਾਜ ਵਿੱਚ ਆਪਣੇ ਪਤੀ ਦੀ ਵੱਧਦੀ ਇੱਜਤ ਦੇਖ ਕੇ ਪਤਨੀ ਤੋਂ ਜ਼ਿਆਦਾ ਕੋਈ ਖੁਸ਼ ਨਹੀਂ ਹੁੰਦਾ ਪਰੰਤੂ ਕਈ ਵਾਰ ਅਜਿਹਾ ਦੇਖਿਆ ਗਿਆ ਹੈ ਕਿ ਜੇਕਰ ਪਤਨੀ ਮਸ਼ਹੂਰ ਹੋ ਜਾਵੇ ਤਾਂ ਪਤੀ ਉਸ ਤੋਂ ਈਰਖਾ ਕਰਨ ਲੱਗ ਜਾਂਦਾ ਹੈ | ਜਿਸ ਕਾਰਨ ਉਹਨਾਂ ਦੇ ਰਿਸ਼ਤੇ ਵਿੱਚ ਕਾਫੀ ਖਟਾਸ ਆ ਜਾਂਦੀ ਹੈ ਅਤੇ ਕਈ ਵਾਰ ਤਾਂ ਇਹ ਅਣਸੁਖਾਵੀਂ ਘਟਨਾ ਦਾ ਰੂਪ ਵੀ ਧਾਰਨ ਕਰ ਲੈਂਦਾ ਹੈ।
ਵਧਦੇ ਮਾਣ-ਸਨਮਾਨ ਨੂੰ ਦੇਖ ਪੈਦਾ ਹੋਈ ਈਰਖਾ ਦੀ ਭਾਵਨਾ
ਅਜਿਹੀ ਹੀ ਘਟਨਾ ਕਾਨਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਮਸ਼ਹੂਰ ਭਜਨ ਗਾਇਕਾ ਸਪਨਾ ਤਿਵਾਰੀ ਦਾ ਉਸਦੇ ਪਤੀ ਵੱਲੋਂ ਹੀ ਕੁੱਟ -ਕੁੱਟ ਕੇ ਕਤਲ ਕਰ ਦਿੱਤਾ ਗਿਆ ਹੈ | ਭਜਨ ਗਾਇਕਾ ਦੀ ਵਧਦੇ ਮਾਣ-ਸਨਮਾਨ ਨੂੰ ਦੇਖ ਉਸਦੇ ਮਨ ‘ਚ ਈਰਖਾ ਦੀ ਭਾਵਨਾ ਪੈਦਾ ਹੋ ਗਈ ਜਿਸਦੇ ਚੱਲਦਿਆਂ ਉਸਨੇ ਇਹ ਕਦਮ ਚੁੱਕ ਲਿਆ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਬੱਚਿਆਂ ਨੂੰ ਲੈ ਕੇ ਘਰੋਂ ਭੱਜ ਗਿਆ।
ਦਰਅਸਲ , ਕਾਨਪੁਰ ਦੇ ਨੌਬਸਤਾ ਇਲਾਕੇ ਦੀ ਰਹਿਣ ਵਾਲੀ ਭਜਨ ਗਾਇਕਾ ਸਪਨਾ ਤਿਵਾਰੀ ਨੇ ਰਾਹੁਲ ਤਿਵਾਰੀ ਨਾਲ ਲਵ ਮੈਰਿਜ ਕਰਾਈ ਸੀ। ਉਨ੍ਹਾਂ ਦੇ ਦੋ ਬੱਚੇ ਸਨ। ਭਜਨ ਗਾਉਣ ਕਰਕੇ ਸਪਨਾ ਤਿਵਾਰੀ ਕਾਨਪੁਰ ਵਿੱਚ ਕਾਫੀ ਮਸ਼ਹੂਰ ਹੋ ਗਈ ਸੀ। ਉਹ ਆਪਣੀ ਸੁਰੀਲੀ ਆਵਾਜ਼ ਨਾਲ ਮਾਤਾ ਦੇ ਜਗਰਾਤਿਆਂ ਅਤੇ ਹਰ ਤਰ੍ਹਾਂ ਦੇ ਭਗਤੀ ਪ੍ਰੋਗਰਾਮਾਂ ਵਿੱਚ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੰਦੀ ਸੀ।
ਸ਼ਰਾਬ ਪੀ ਕੇ ਕਰਦਾ ਸੀ ਮਾਰ -ਕੁੱਟ
ਜਿਵੇਂ-ਜਿਵੇਂ ਉਹ ਮਸ਼ਹੂਰ ਹੋਈ , ਲੋਕ ਵੀ ਉਸ ਨੂੰ ਮਿਲਣ ਲੱਗ ਪਏ। ਪਰ, ਪਤੀ ਰਾਹੁਲ ਤਿਵਾਰੀ ਨੂੰ ਲੋਕਾਂ ਨਾਲ ਉਸ ਦਾ ਮਿਲਣਾ ਬਰਦਾਸ਼ਤ ਨਹੀਂ ਸੀ। ਜਿਸ ਨਾਲ ਉਸਦੇ ਮਨ ਵਿੱਚ ਈਰਖਾ ਦੀ ਭਾਵਨਾ ਪੈਦਾ ਹੋ ਗਈ ਅਤੇ ਉਸ ਨੇ ਆਪਣੀ ਪਤਨੀ ਨੂੰ ਸ਼ਰਾਬ ਪੀ ਕੇ ਮਾਰਨਾ-ਕੁੱਟਣਾ ਸ਼ੁਰੂ ਕਰ ਦਿੱਤਾ। ਬੀਤੀ ਰਾਤ ਰਾਹੁਲ ਨੇ ਸਪਨਾ ਤਿਵਾਰੀ ਦੀ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਜਿਸ ਤੋਂ ਬਾਅਦ ਸਪਨਾ ਨੂੰ ਹਸਪਤਾਲ ਲਿਜਾਇਆ ਗਿਆ |
ਜਿੱਥੇ ਇਲਾਜ ਦੌਰਾਨ ਸਪਨਾ ਦੀ ਮੌਤ ਹੋ ਗਈ। ਇਸ ਦੌਰਾਨ ਮੌਕਾ ਪਾ ਕੇ ਉਸ ਦਾ ਪਤੀ ਰਾਹੁਲ ਤਿਵਾਰੀ ਆਪਣੇ ਬੱਚਿਆਂ ਸਮੇਤ ਘਰੋਂ ਭੱਜ ਗਿਆ। ਇਸ ਦੇ ਨਾਲ ਰਾਹੁਲ ਦੇ ਮਾਤਾ-ਪਿਤਾ ਵੀ ਘਰੋਂ ਭੱਜ ਗਏ ਹਨ।
ਇਹ ਵੀ ਪੜ੍ਹੋ : ਨਿਤਿਨ ਗਡਕਰੀ 22 ਨੂੰ ਚੰਡੀਗੜ੍ਹ ‘ਚ ਕਰਨਗੇ ਚੋਣ ਰੈਲੀ , BJP ਲਈ ਮੰਗਣਗੇ ਵੋਟ
ਏਸੀਪੀ ਨੌਬਸਤਾ ਸੰਜੇ ਸਿੰਘ ਦਾ ਕਹਿਣਾ ਹੈ ਕਿ ਸਪਨਾ ਦੇ ਪਿਤਾ ਨੇ ਆਪਣੀ ਧੀ ਦੇ ਕਤਲ ਲਈ ਉਸ ਦੇ ਪਤੀ ਖ਼ਿਲਾਫ਼ ਰਿਪੋਰਟ ਦਰਜ ਕਰਵਾਈ ਹੈ। ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪਤੀ ਬੱਚਿਆਂ ਸਮੇਤ ਫਰਾਰ ਹੋ ਗਿਆ ਹੈ। ਪੁਲਿਸ ਟੀਮ ਉਸ ਦੀ ਭਾਲ ਕਰ ਰਹੀ ਹੈ। ਉਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।