ਭਲਕੇ ਪੂਰੇ ਪੰਜਾਬ ਵਿਚ ਛੁੱਟੀ ਕਰਨ ਦੀ ਮੰਗ ਨੇ ਫੜਿਆ ਜ਼ੋਰ
ਪੰਜਾਬ ਦੇ ਮਾਲੇਰਕੋਟਲਾ ਜਿਲ੍ਹੇ ਵਿਚ ਭਲਕੇ 17 ਜੁਲਾਈ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। 17 ਜੁਲਾਈ 2024 ਨੂੰ ਮੁਹੱਰਮ ਮੌਕੇ ਪੂਰੇ ਜਿਲ੍ਹੇ ਵਿਚ ਛੁੱਟੀ ਰਹੇਗੀ, ਪਰ ਮੁਸਲਿਮ ਭਾਈਚਾਰੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪੂਰੇ ਸੂਬੇ ਵਿਚ ਛੁੱਟੀ ਕੀਤੀ ਜਾਵੇ।
ਇਸ ਸਬੰਧੀ ਸ਼ਾਹੀ ਇਮਾਮ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਇਸ ਮੌਕੇ ਪੂਰੇ ਸੂਬੇ ਵਿਚ ਛੁੱਟੀ ਕੀਤੀ ਜਾਵੇ। ਇਕ ਵੀਡੀਓ ਸੰਦੇਸ਼ ਵਿਚ ਉਨ੍ਹਾਂ ਕਿ ਮੁਹੱਰਮ ਮੌਕੇ ਮੁਲਕ ਦੇ ਜ਼ਿਆਦਾਤਰ ਸੂਬਿਆਂ ਵਿਚ ਛੁੱਟੀ ਕੀਤੀ ਗਈ ਹੈ, ਇਸ ਲਈ ਪੰਜਾਬ ਸਰਕਾਰ ਵੀ ਇਸ ਸਬੰਧੀ ਫੈਸਲਾ ਲਵੇ।
ਕਈ ਸੂਬਿਆਂ ਵਿਚ 18 ਜੁਲਾਈ ਦੀ ਵੀ ਛੁੱਟੀ
ਇਸ ਦੇ ਨਾਲ ਹੀ ਕਈ ਸੂਬਿਆਂ ਵਿਚ 18 ਜੁਲਾਈ ਦੀ ਛੁੱਟੀ ਵੀ ਕੀਤੀ ਗਈ ਹੈ। ਇਧਰ, ਡਿਪਟੀ ਕਮਿਸ਼ਨਰ ਮਾਲੇਰਕੋਟਲਾ ਡਾ.ਪੱਲਵੀ ਨੇ ਮੁਹੱਰਮ (ਯੋਮ-ਏ-ਅਸੂਰਾ) ਮੌਕੇ 17 ਜੁਲਾਈ (ਬੁੱਧਵਾਰ) ਨੂੰ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਤਹਿਤ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 17 ਜੁਲਾਈ ਨੂੰ ਮਾਲੇਰਕੋਟਲਾ ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ/ਅਰਧ ਸਰਕਾਰੀ ਦਫ਼ਤਰ, ਸਰਕਾਰੀ/ਗ਼ੈਰ-ਸਰਕਾਰੀ ਤੇ ਪ੍ਰਾਈਵੇਟ ਵਿੱਦਿਅਕ ਅਦਾਰੇ ਅਤੇ ਬੈਂਕ ਆਦਿ ਬੰਦ ਰਹਿਣਗੇ।
ਪਹਿਲਾਂ ਛੁੱਟੀ ਨਹੀਂ ਸੀ ਸਪੱਸ਼ਟ
ਦੱਸ ਦਈਏ ਕਿ ਮੁਹੱਰਮ ਦੀ ਛੁੱਟੀ ਪਹਿਲਾਂ ਸਪੱਸ਼ਟ ਨਹੀਂ ਸੀ। ਬਿਹਾਰ ਛੁੱਟੀਆਂ ਦੇ ਕੈਲੰਡਰ 2024 ਵਿੱਚ ਮੁਹੱਰਮ ਦੀ ਛੁੱਟੀ 18 ਜੁਲਾਈ ਲਿਖੀ ਗਈ ਹੈ, ਪਰ ਹੁਣ ਬਿਹਾਰ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਮੁਹੱਰਮ ਦੇ ਮੌਕੇ ‘ਤੇ 17 ਜੁਲਾਈ ਬੁੱਧਵਾਰ ਨੂੰ ਸਾਰੇ ਸਕੂਲ ਅਤੇ ਬੈਂਕ ਬੰਦ ਰਹਿਣਗੇ। ਕਈ ਹੋਰ ਰਾਜਾਂ ਦੇ ਛੁੱਟੀਆਂ ਦੇ ਕੈਲੰਡਰਾਂ ਵਿੱਚ ਵੀ ਇਹ ਭੰਬਲਭੂਸਾ ਸੀ, ਜੋ ਹੁਣ ਦੂਰ ਹੋ ਗਿਆ ਹੈ। ਜੇਕਰ ਤੁਸੀਂ ਮੁਹੱਰਮ ਦੀ ਛੁੱਟੀ ਦਾ ਇੰਤਜ਼ਾਰ ਕਰ ਰਹੇ ਸੀ, ਤਾਂ ਆਪਣੇ ਸਕੂਲ ਜਾਂ ਕਾਲਜ ਵਿੱਚ ਇੱਕ ਵਾਰ ਪੁਸ਼ਟੀ ਕਰੋ।
ਇਹ ਵੀ ਪੜ੍ਹੋ : ਹਿੰਦੂ ਨੇਤਾ ਸੁਧੀਰ ਸੂਰੀ ਦੇ ਦੋਵੇਂ ਮੁੰਡੇ ਫਿਰੌਤੀ ਦੇ ਮਾਮਲੇ ‘ਚ ਗ੍ਰਿਫਤਾਰ
ਜ਼ਿਆਦਾਤਰ ਸੂਬਿਆਂ ‘ਚ ਮੁਹੱਰਮ ਦੀ ਛੁੱਟੀ
ਇਸ ਦੇ ਨਾਲ ਹੀ 17 ਜੁਲਾਈ ਨੂੰ ਜ਼ਿਆਦਾਤਰ ਸੂਬਿਆਂ ‘ਚ ਮੁਹੱਰਮ ਦੀ ਛੁੱਟੀ ਹੋਵੇਗੀ। ਪਰ ਕੁਝ ਰਾਜਾਂ ਵਿੱਚ ਛੁੱਟੀ ਨਹੀਂ ਹੋਵੇਗੀ। ਉੱਤਰ ਪ੍ਰਦੇਸ਼ ਦੇ ਕਈ ਸਕੂਲਾਂ ‘ਚ ਕੱਲ੍ਹ ਛੁੱਟੀ ਹੈ, ਜਦਕਿ ਕੁਝ ਥਾਵਾਂ ‘ਤੇ ਸਕੂਲ ਖੁੱਲ੍ਹੇ ਰਹਿਣਗੇ। ਕਈ ਵਾਰ ਸਕੂਲਾਂ ਦੀਆਂ ਛੁੱਟੀਆਂ ਵੀ ਜ਼ਿਲ੍ਹਾ ਮੈਜਿਸਟ੍ਰੇਟ ‘ਤੇ ਨਿਰਭਰ ਕਰਦੀਆਂ ਹਨ। ਕਈ ਮੁਸਲਿਮ ਬਹੁਲ ਇਲਾਕਿਆਂ ਵਿੱਚ ਦੋ ਦਿਨਾਂ ਦੀ ਛੁੱਟੀ ਦਾ ਐਲਾਨ ਵੀ ਕੀਤਾ ਗਿਆ ਹੈ।