ਨਹਿਰ ‘ਚ ਡਿੱਗੀ ਕਾਰ , ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹਿਆ ਸਾਰਾ ਪਰਿਵਾਰ || Punjab Latest News
ਪੰਜਾਬ ਦੇ ਲੁਧਿਆਣਾ ‘ਚ ਦੇਰ ਰਾਤ ਇੱਕ ਭਿਆਨਕ ਹਾਦਸਾ ਵਾਪਰਿਆ ਜਿੱਥੇ ਕਿ ਦੋਰਾਹਾ ਵਿਖੇ ਇੱਕ ਕਾਰ ਸਰਹਿੰਦ ਨਹਿਰ ‘ਚ ਜਾ ਡਿੱਗੀ | ਕਾਰ ਵਿੱਚ ਇੱਕ ਪਰਿਵਾਰ ਸਵਾਰ ਸੀ ਜੋ ਕਿ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ ਗਿਆ। ਅੱਜ ਸਵੇਰੇ ਗੋਤਾਖੋਰਾਂ ਵੱਲੋਂ ਭਾਲ ਕਰਨ ‘ਤੇ ਉਨ੍ਹਾਂ ਨੂੰ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਫਿਲਹਾਲ ਬਾਕੀ ਪਰਿਵਾਰ ਦੇ ਮੈਂਬਰ ਲਾਪਤਾ ਹਨ , ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ |
ਆਸ-ਪਾਸ ਦੇ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਰ ਰਾਜਵੰਤ ਹਸਪਤਾਲ ਤੋਂ ਕੈਨਾਲ ਰੋਡ ਵੱਲ ਜਾ ਰਹੀ ਸੀ। ਡ੍ਰਾਈਵਰ ਨੂੰ ਸੜਕ ਬੰਦ ਹੋਣ ਬਾਰੇ ਪਤਾ ਨਹੀਂ ਲੱਗਿਆ ਕਿਉਂਕਿ ਅੱਗੇ ਪੁਲ ‘ਤੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਜਿਸ ਤੋਂ ਬਾਅਦ ਕੁਝ ਹੀ ਦੇਰ ਵਿੱਚ ਕਾਰ ਨਹਿਰ ਵਿੱਚ ਜਾ ਡਿੱਗੀ ਅਤੇ ਪਾਣੀ ਦੇ ਤੇਜ਼ ਵਹਾਅ ਵਿੱਚ ਕਾਰ ਸਮੇਤ ਸਾਰਾ ਪਰਿਵਾਰ ਰੁੜ੍ਹ ਗਿਆ । ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕੀਤਾ।
ਪਰਿਵਾਰ ਨਾਲ ਬੱਚੇ ਵੀ ਸੀ ਮੌਜੂਦ
ਰਾਤ ਸਮੇਂ ਇੰਨਾ ਹਨੇਰਾ ਸੀ ਕਿ ਪਾਣੀ ਦੇ ਤੇਜ਼ ਵਹਾਅ ਕਾਰਨ ਕਾਰ ਦਾ ਕੁਝ ਪਤਾ ਨਹੀਂ ਲੱਗਿਆ | ਜਾਣਕਾਰੀ ਅਨੁਸਾਰ ਕਾਰ ਵਿੱਚ ਇੱਕ ਪਰਿਵਾਰ ਸਵਾਰ ਸੀ, ਜਿਸ ਨਾਲ ਬੱਚੇ ਵੀ ਮੌਜੂਦ ਸਨ | ਜਿਸ ਤੋਂ ਬਾਅਦ ਮਵਾਰ ਸਵੇਰੇ ਮੁੜ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਸੀ ਜਿਸਦੇ ਚੱਲਦਿਆਂ ਕਾਫ਼ੀ ਮਸ਼ਕੱਤ ਤੋਂ ਬਾਅਦ ਕਾਰ ਬਰਾਮਦ ਹੋਈ। ਨਹਿਰ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸਦੀ ਅਜੇ ਤੱਕ ਕੋਈ ਪਛਾਣ ਨਹੀਂ ਹੋ ਪਾਈ ਹੈ। ਮ੍ਰਿਤਕ ਦੀ ਉਮਰ 50 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਹੋਈ ਮੌਤ , 2 ਮਹੀਨੇ ਪਹਿਲਾਂ ਹੀ ਗਿਆ ਸੀ ਕੈਨੇਡਾ
ਦੋਰਾਹਾ ਥਾਣੇ ਦੇ SHO ਕੀ ਬੋਲੇ ?
ਦੋਰਾਹਾ ਥਾਣੇ ਦੇ SHO ਰੋਹਿਤ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਉਹ ਰਾਤ ਨੂੰ ਹੀ ਆਪਣੀ ਟੀਮ ਸਮੇਤ ਮੌਕੇ ’ਤੇ ਪੁੱਜੇ। ਕ੍ਰੇਨ ਅਤੇ ਗੋਤਾਖੋਰਾਂ ਨੂੰ ਵੀ ਬੁਲਾਇਆ ਗਿਆ। ਇੱਕ ਵਾਰ ਗੋਤਾਖੋਰਾਂ ਦੀ ਮਦਦ ਨਾਲ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਰਾਤ ਨੂੰ ਬਚਾਅ ਕਾਰਜ ਸੰਭਵ ਨਹੀਂ ਹੋ ਸਕਿਆ। ਜਦੋਂ ਸਵੇਰੇ ਮੁੜ ਕਾਰ ਨੂੰ ਲੱਭਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ।