
ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦਾ ਅੱਜ 6ਵਾਂ ਦਿਨ ਹੈ। ਵਿਧਾਨ ਸਭਾ ਦਾ ਮਾਹੌਲ ਅੱਜ ਵੀ ਗਰਮਾ-ਗਰਮ ਰਹਿਣ ਦੀ ਸੰਭਾਵਨਾ ਹੈ। ਗੜੇਮਾਰੀ ਕਾਰਨ ਫਸਲਾਂ ਨੂੰ ਹੋਏ ਨੁਕਸਾਨ ਦਾ ਮੁੱਦਾ ਵੀ ਸਦਨ ਵਿੱਚ ਉਠਾਇਆ ਜਾਵੇਗਾ। ਇਸ ਦੌਰਾਨ ਵਿਧਾਇਕਾਂ ਵੱਲੋਂ ਕਈ ਬਿੱਲ ਪੇਸ਼ ਕੀਤੇ ਜਾਣਗੇ। ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਹੁਣ ਸਖ਼ਤ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਵਿਧਾਇਕਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸਦਨ ਦਾ ਮਾਹੌਲ ਕਿਸੇ ਵੀ ਕੀਮਤ ‘ਤੇ ਖਰਾਬ ਨਹੀਂ ਹੋਣ ਦੇਣਗੇ।
ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਹਸਪਤਾਲਾਂ ‘ਚ ਨਵੀਆਂ ਪੋਸਟਾਂ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਜਿਵੇਂ ਕਿ ਕੋਈ ਵੀ ਸਰਜਰੀ ਕਰਨੀ ਹੋਵੇ ਤਾਂ ਮਰੀਜ਼ ਨੂੰ ਬੇਹੋਸ਼ ਕਰਨਾ ਜ਼ਰੂ੍ਰਰੀ ਹੁੰਦਾ ਹੈ। ਇਸ ਲਈ ਇੱਕ ਅਜਿਹਾ ਡਾਕਟਰ ਵੀ ਹੋਣਾ ਚਾਹੀਦਾ ਹੈ ਜੋ ਉਹ ਕੰਮ ਕਰ ਸਕੇ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਗਲੇ ਬਜਟ ਸੈਸ਼ਨ ਤੋਂ ਪਹਿਲਾਂ ਹਸਪਤਾਲਾਂ ‘ਚ ਜੋ ਅਸਾਮੀਆਂ ਖਾਲੀ ਹਨ, ਉਹ ਭਰ ਲਈਆਂ ਜਾਣਗੀਆਂ।
ਅੱਜ ਦੇ ਬਜਟ ਇਜਲਾਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਧਿਆਨ ਦਿਵਾਊ ਮਤੇ ਰਾਹੀਂ ਕੁਝ ਦਿਨ ਪਹਿਲਾਂ ਗੜੇਮਾਰੀ ਕਾਰਨ ਕਣਕ ਅਤੇ ਆਲੂਆਂ ਦੀ ਫਸਲ ਨੂੰ ਹੋਏ ਨੁਕਸਾਨ ਦਾ ਮੁੱਦਾ ਉਠਾਉਣਗੇ। ਇਸ ਤੋਂ ਬਾਅਦ ਅਕਾਲੀ ਦਲ ਅਤੇ ਕਾਂਗਰਸ ਦੇ ਵਿਧਾਇਕਾਂ ਵੱਲੋਂ ਅੱਠ ਪ੍ਰਸਤਾਵ ਲਿਆਂਦੇ ਜਾਣਗੇ।