ਡਾਂਸ ਫਲੋਰ ’ਤੇ ਕੁੜੀ ਨਾਲ ਖਹਿ ਗਿਆ ਮੁੰਡੇ ਦਾ ਮੋਢਾ… ਦੋ ਧਿਰਾਂ ’ਚ ਚੱਲੀਆਂ ਬੋਤਲਾਂ ਤੇ ਗੋਲ਼ੀਆਂ
ਦੇਰ ਰਾਤ ਲੁਧਿਆਣਾ ਦੇ ਨਾਈਟ ਕਲੱਬ ’ਚ ਡਾਂਸ ਕਰਦੇ ਕਰਦੇ ਨੌਜਵਾਨ ਦਾ ਮੋਢਾ ਕੁੜੀ ਨਾਲ ਖਹਿ ਗਿਆ। ਜਿਸ ਤੋਂ ਬਾਅਦ ਮਾਮੂਲੀ ਤਕਰਾਰ ਖ਼ੂਨੀ ਝੜਪ ’ਚ ਬਦਲ ਗਈ। ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਦੋਹਾਂ ਧਿਰਾਂ ਵਲੋਂ ਇੱਕ-ਦੂਜੇ ’ਤੇ ਬੋਤਲਾਂ ਨਾਲ ਹਮਲਾ ਕਰ ਦਿੱਤਾ ਗਿਆ | ਜਿਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੂੰ ਬਚਾਓ ਲਈ ਆਉਣਾ ਪਿਆ |
ਜਖ਼ਮੀ ਤਿੰਨ ਲੋਕਾਂ ਨੂੰ ਇਲਾਜ ਲਈ ਹਸਪਤਾਲ ਕਰਵਾਇਆ ਗਿਆ ਦਾਖ਼ਲ
ਮਿਲੀ ਜਾਣਕਾਰੀ ਅਨੁਸਾਰ ਇਹ ਝੜਪ ਸਾਊਥ ਸਿਟੀ ਰੋਡ ’ਤੇ ਬਣੇ ਐਲਗਿਨ ਨਾਈਟ ਕਲੱਬ ਕੈਫ਼ੇ ’ਚ ਹੋਈ ਹੈ , ਜਿਸ ਤੋਂ ਬਾਅਦ ਮਾਮਲੇ ਨੂੰ ਵੱਧਦਾ ਦੇਖ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ | ਮੌਕੇ ’ਤੇ ਮੌਜੂਦ ਕਲੱਬ ਦੇ ਕਰਿੰਦਿਆਂ ਨੇ ਦੱਸਿਆ ਕਿ ਡਾਂਸ ਫਲੋਰ ’ਤੇ ਕਈ ਨੌਜਵਾਨ ਮੁੰਡੇ-ਕੁੜੀਆਂ ਨੱਚ ਰਹੇ ਸਨ, ਇਸ ਦੌਰਾਨ ਮੁੰਡੇ ਦਾ ਮੋਢਾ ਕੁੜੀ ਨਾਲ ਖਹਿ ਗਿਆ, ਇਸ ਤੋਂ ਬਾਅਦ ਦੋਹਾਂ ਧਿਰਾਂ ’ਚ ਝੜਪ ਹੋ ਗਈ ਤੇ ਇੱਕ-ਦੂਜੇ ’ਤੇ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ : ਪੁਲਿਸ ਕੁਆਰਟਰਾਂ ’ਚ ਪੱਖੇ ਨਾਲ ਲਟਕਦੀ ਮਿਲੀ ਔਰਤ ਦੀ ਲਾਸ਼
ਘਟਨਾ ’ਚ ਜਖ਼ਮੀ ਤਿੰਨ ਲੋਕਾਂ ਨੂੰ ਇਲਾਜ ਲਈ ਡੀਐੱਮਸੀ ਹਸਪਤਾਲ (DMC hospital) ’ਚ ਦਾਖ਼ਲ ਕਰਵਾਇਆ ਗਿਆ। ਮੌਕੇ ’ਤੇ ਸਰਾਭਾ ਨਗਰ ਦੀ ਪੁਲਿਸ ਨੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਕਲੱਬ ’ਚ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਜਾ ਰਹੀ ਹੈ।