ਕਸ਼ਮੀਰ ‘ਚ ਫੌਜ ਦੀ ਗੱਡੀ ‘ਤੇ ਹੋਇਆ ਅੱਤਵਾਦੀ ਹਮਲਾ, 2 ਜਵਾਨ ਸ਼ਹੀਦ
ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਗੁਲਮਰਗ ਦੇ ਨਾਗਿਨ ਇਲਾਕੇ ‘ਚ ਕੰਟਰੋਲ ਰੇਖਾ ਨੇੜੇ ਵੀਰਵਾਰ ਸ਼ਾਮ ਨੂੰ ਅੱਤਵਾਦੀਆਂ ਨੇ 18 ਰਾਸ਼ਟਰੀ ਰਾਈਫਲਜ਼ ਦੇ ਇਕ ਵਾਹਨ ‘ਤੇ ਹਮਲਾ ਕਰ ਦਿੱਤਾ। ਅੱਤਵਾਦੀਆਂ ਦੀ ਗੋਲੀਬਾਰੀ ‘ਚ ਦੋ ਜਵਾਨ ਸ਼ਹੀਦ ਹੋ ਗਏ। ਇਸ ਤੋਂ ਇਲਾਵਾ 2 ਪੋਰਟਰਾਂ ਦੀ ਵੀ ਮੌਤ ਹੋ ਗਈ। ਪੋਰਟਰ ਫੌਜ ਦੀ ਮਦਦ ਲਈ ਮੌਜੂਦ ਹਨ, ਉਹ ਪਹਾੜੀ ਖੇਤਰਾਂ ਅਤੇ ਮੂਹਰਲੀਆਂ ਚੌਕੀਆਂ ਵਿੱਚ ਸਾਮਾਨ ਪਹੁੰਚਾਉਣ ਵਿੱਚ ਮਦਦ ਕਰਦੇ ਹਨ। ਹਮਲੇ ‘ਚ ਫੌਜ ਦੇ ਤਿੰਨ ਜਵਾਨ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਸ਼੍ਰੀਨਗਰ ਦੇ 92 ਬੇਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿਨ੍ਹਾਂ ‘ਚੋਂ 2 ਦੀ ਮੌਤ ਹੋ ਗਈ ਹੈ ।
ਹਮਲੇ ‘ਚ 3 ਤੋਂ ਜ਼ਿਆਦਾ ਅੱਤਵਾਦੀ ਸ਼ਾਮਲ
ਫੌਜ ਦੇ ਸੂਤਰਾਂ ਮੁਤਾਬਕ ਹਮਲੇ ‘ਚ 3 ਤੋਂ ਜ਼ਿਆਦਾ ਅੱਤਵਾਦੀ ਸ਼ਾਮਲ ਹੋ ਸਕਦੇ ਹਨ। ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਅੱਤਵਾਦੀ ਉੱਤਰੀ ਕਸ਼ਮੀਰ ਦੇ ਬੋਟਾ ਪਾਥਰੀ ਸੈਕਟਰ ਵਿੱਚ ਐਲਓਸੀ ਤੋਂ ਘੁਸਪੈਠ ਕਰ ਸਕਦੇ ਹਨ।
ਇਸ ਤੋਂ ਪਹਿਲਾਂ ਇਕ ਹੋਰ ਮਜ਼ਦੂਰ ‘ਤੇ ਗੋਲੀਬਾਰੀ
ਇਸ ਤੋਂ ਪਹਿਲਾਂ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਬਟਗੁੰਡ ‘ਚ ਅੱਤਵਾਦੀਆਂ ਨੇ ਇਕ ਹੋਰ ਮਜ਼ਦੂਰ ‘ਤੇ ਗੋਲੀਬਾਰੀ ਕੀਤੀ ਸੀ, ਜਿਸ ‘ਚ ਉਹ ਜ਼ਖਮੀ ਹੋ ਗਿਆ ਸੀ। ਜ਼ਖਮੀ ਸ਼ੁਭਮ ਕੁਮਾਰ ਯੂਪੀ ਦਾ ਰਹਿਣ ਵਾਲਾ ਹੈ। ਹਸਪਤਾਲ ਵਿੱਚ ਉਸਦਾ ਇਲਾਜ ਜਾਰੀ ਹੈ।
ਇਸ ਦੇ ਨਾਲ ਹੀ ਵੀਰਵਾਰ ਸਵੇਰੇ ਹੀ ਸ਼੍ਰੀਨਗਰ ਦੇ ਗਨਬਾਗ ਇਲਾਕੇ ‘ਚ ਇਕ ਗੈਰ-ਕਸ਼ਮੀਰੀ ਨੌਜਵਾਨ ਦੀ ਲਾਸ਼ ਮਿਲੀ ਸੀ। ਪੁਲਿਸ ਮੁਤਾਬਕ ਮ੍ਰਿਤਕ ਪੱਛਮੀ ਬੰਗਾਲ ਦਾ ਰਹਿਣ ਵਾਲਾ ਐਮਡੀ ਜਾਹੂਦ ਸੀ।
ਇਕ ਹਫਤੇ ‘ਚ ਇਹ ਤੀਜਾ ਹਮਲਾ
ਜੰਮੂ-ਕਸ਼ਮੀਰ ‘ਚ ਪਿਛਲੇ ਇਕ ਹਫਤੇ ‘ਚ ਗੈਰ-ਕਸ਼ਮੀਰੀਆਂ ‘ਤੇ ਇਹ ਤੀਜਾ ਹਮਲਾ ਹੈ। ਇਸ ਤੋਂ ਪਹਿਲਾਂ 20 ਅਕਤੂਬਰ ਨੂੰ ਗੰਦਰਬਲ ਅਤੇ 18 ਅਕਤੂਬਰ ਨੂੰ ਸ਼ੋਪੀਆਂ ‘ਚ ਅੱਤਵਾਦੀਆਂ ਨੇ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਸੀ, ਜਿਸ ‘ਚ 7 ਲੋਕ ਮਾਰੇ ਗਏ ਸਨ।
ਲਗਾਤਾਰ ਹੋ ਰਹੇ ਅੱਤਵਾਦੀ ਹਮਲਿਆਂ ਦੇ ਮੱਦੇਨਜ਼ਰ ਰਾਜ ਭਵਨ ਵਿਖੇ ਉੱਚ ਪੱਧਰੀ ਮੀਟਿੰਗ ਵੀ ਕੀਤੀ ਗਈ। ਇਸ ਵਿੱਚ ਉੱਤਰੀ ਵਿੰਗ ਕਮਾਂਡਰ, ਜੰਮੂ-ਕਸ਼ਮੀਰ ਦੇ ਡੀਜੀਪੀ, ਕੋਰ ਕਮਾਂਡਰ ਅਤੇ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ।