ਪਾਕਿਸਤਾਨ-ਅਫ਼ਗਾਨਿਸਤਾਨ ‘ਚ ਹੋ ਰਹੀ ਭਿਆਨਕ ਲੜਾਈ, ਤਾਲਿਬਾਨ ਨੇ ਭੇਜੇ 15 ਹਜ਼ਾਰ ਲੜਾਕੇ
ਪਾਕਿਸਤਾਨ-ਅਫ਼ਗਾਨਿਸਤਾਨ ‘ਚ ਭਿਆਨਕ ਲੜਾਈ ਹੋ ਰਹੀ ਹੈ | ਜਿੱਥੇ ਕਿ ਪਾਕਿਸਤਾਨੀ ਫ਼ੌਜੀ ਜਹਾਜ਼ਾਂ ਨੇ ਅਫ਼ਗਾਨਿਸਤਾਨ ਦੇ ਪੂਰਬੀ ਪਕਤਿਕਾ ਸੂਬੇ ‘ਤੇ ਬੰਬਾਰੀ ਕੀਤੀ ਸੀ ਜਿਸ ਤੋਂ ਬਾਅਦ ਕਾਬੁਲ ਨੇ ਇਸ ‘ਤੇ ਜਵਾਬੀ ਕਾਰਵਾਈ ਕੀਤੀ ਹੈ। ਦੋਹਾਂ ਦੇਸ਼ਾਂ ਦੀ ਸਰਹੱਦ ‘ਤੇ ਅਫ਼ਗਾਨ ਅਤੇ ਪਾਕਿਸਤਾਨੀ ਫ਼ੌਜੀਆਂ ਵਿਚਾਲੇ ਭਿਆਨਕ ਸੰਘਰਸ਼ ਹੋਇਆ, ਜਿਸ ‘ਚ 19 ਪਾਕਿਸਤਾਨੀ ਫ਼ੌਜੀ ਅਤੇ ਤਿੰਨ ਅਫ਼ਗਾਨੀ ਨਾਗਰਿਕ ਮਾਰੇ ਗਏ। ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੂਰਬੀ ਅਫ਼ਗਾਨਿਸਤਾਨ ਦੇ ਖੋਸਤ ਅਤੇ ਪਕਤਿਕਾ ਸੂਬਿਆਂ ‘ਚ ਭਿਆਨਕ ਲੜਾਈ ਚੱਲ ਰਹੀ ਹੈ।
ਕਈ ਪਾਕਿਸਤਾਨੀ ਫ਼ੌਜੀ ਚੌਕੀਆਂ ਨੂੰ ਲਗਾ ਦਿੱਤੀ ਅੱਗ
ਇੱਕ ਮੀਡੀਆ ਮੁਤਾਬਕ ਅਫ਼ਗਾਨ ਬਲਾਂ ਨੇ ਖੋਸਤ ਸੂਬੇ ਦੇ ਅਲੀ ਸ਼ਿਰ ਜ਼ਿਲੇ ‘ਚ ਕਈ ਪਾਕਿਸਤਾਨੀ ਫ਼ੌਜੀ ਚੌਕੀਆਂ ਨੂੰ ਅੱਗ ਲਗਾ ਦਿੱਤੀ ਅਤੇ ਪਕਤਿਕਾ ਸੂਬੇ ਦੇ ਡੰਡ-ਏ-ਪਾਟਨ ਜ਼ਿਲੇ ‘ਚ ਦੋ ਪਾਕਿਸਤਾਨੀ ਚੌਕੀਆਂ ‘ਤੇ ਕਬਜ਼ਾ ਕਰ ਲਿਆ। ਇਸ ਦੇ ਨਾਲ ਹੀ ਅਫ਼ਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਪਾਕਿਸਤਾਨ ਦੇ ਮਾਰੂ ਹਵਾਈ ਹਮਲਿਆਂ ਦਾ ਬਦਲਾ ਲੈਣ ਲਈ ਉਸਦੇ ਫ਼ੌਜੀ ਬਲਾਂ ਨੇ ਪਾਕਿਸਤਾਨ ਦੇ ਅੰਦਰ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨ ਨੇ ਪਿਛਲੇ ਮੰਗਲਵਾਰ ਨੂੰ ਪਕਤਿਕਾ ਸੂਬੇ ਦੇ ਸੱਤ ਪਿੰਡਾਂ ‘ਤੇ ਹਵਾਈ ਹਮਲੇ ਕੀਤੇ ਸਨ।
ਘੱਟ ਤੋਂ ਘੱਟ 46 ਲੋਕ ਮਾਰੇ ਗਏ
ਉਸ ਨੇ ਕਥਿਤ ਤੌਰ ‘ਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਅੱਤਵਾਦੀ ਕੈਂਪ ਨੂੰ ਤਬਾਹ ਕਰਨ ਅਤੇ ਬਾਗੀਆਂ ਨੂੰ ਮਾਰਨ ਲਈ ਇਹ ਕਾਰਵਾਈ ਸ਼ੁਰੂ ਕੀਤੀ ਸੀ। ਇਸ ਹਮਲੇ ਵਿਚ ਘੱਟ ਤੋਂ ਘੱਟ 46 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ। ਅਫ਼ਗਾਨ ਤਾਲਿਬਾਨ ਨੇ ਪਾਕਿਸਤਾਨ ਦੇ ਹਮਲੇ ਨੂੰ ਵਹਿਸ਼ੀ ਕਾਰਾ ਦੱਸਦਿਆਂ ਕਿਹਾ ਸੀ ਕਿ ਉਹ ਬਦਲਾ ਲਵੇਗਾ। ਅਫ਼ਗਾਨਿਸਤਾਨ ਨੇ ਪਾਕਿਸਤਾਨ ਖ਼ਿਲਾਫ਼ ਜਵਾਬੀ ਕਾਰਵਾਈ ਲਈ 15 ਹਜ਼ਾਰ ਲੜਾਕੇ ਭੇਜੇ ਹਨ।
ਉੱਥੇ ਹੀ ਸ਼ਨੀਵਾਰ ਨੂੰ, ਅਫ਼ਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਟਵਿੱਟਰ ‘ਤੇ ਪੋਸਟ ਕੀਤਾ ਕਿ ਉਸ ਦੀਆਂ ਫ਼ੌਜਾਂ ਨੇ ਪਾਕਿਸਤਾਨੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜੋ ਖ਼ਤਰਨਾਕ ਤੱਤਾਂ ਅਤੇ ਉਨ੍ਹਾਂ ਦੇ ਸਮਰਥਕਾਂ ਲਈ ਛੁਪਣਗਾਹ ਵਜੋਂ ਕੰਮ ਕਰਦੇ ਸਨ। ਅਫ਼ਗਾਨਿਸਤਾਨ ਵਿੱਚ ਹਮਲੇ ਇਹਨਾਂ ਟਿਕਾਣਿਆਂ ਤੋਂ ਸੰਗਠਿਤ ਅਤੇ ਤਾਲਮੇਲ ਕੀਤੇ ਗਏ ਸਨ।
ਮੰਤਰਾਲੇ ਦੇ ਬੁਲਾਰੇ ਇਨਾਇਤੁੱਲਾ ਖਵਾਰਜਾਮੀ ਨੇ ਹਮਲਿਆਂ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਖੋਸਤ ਸੂਬੇ ਵਿੱਚ ਲੋਕਾਂ ਨੇ ਅਫ਼ਗਾਨਿਸਤਾਨ ਦੇ ਜਵਾਬੀ ਕਾਰਵਾਈ ਦਾ ਜਸ਼ਨ ਮਨਾਇਆ। ਹਜ਼ਾਰਾਂ ਲੋਕ ਜਸ਼ਨ ਮਨਾਉਣ ਅਤੇ ਅਫ਼ਗਾਨ ਫ਼ੌਜ ਲਈ ਸਮਰਥਨ ਪ੍ਰਗਟਾਉਣ ਲਈ ਘਰਾਂ ਤੋਂ ਬਾਹਰ ਆਏ।
24 ਘੰਟਿਆਂ ਦੌਰਾਨ ਦੋ ਧਮਾਕਿਆਂ ਨਾਲ ਹਿਲਾ ਕੇ ਰੱਖ ਦਿੱਤਾ
ਇਸ ਦੌਰਾਨ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਪਿਛਲੇ 24 ਘੰਟਿਆਂ ਦੌਰਾਨ ਦੋ ਧਮਾਕਿਆਂ ਨਾਲ ਹਿਲਾ ਕੇ ਰੱਖ ਦਿੱਤੀ ਗਈ। ਸ਼ਨੀਵਾਰ ਸਵੇਰੇ 10 ਵਜੇ ਕਾਬੁਲ ਦੇ ਸ਼ੇਖ ਜਾਇਦ ਹਸਪਤਾਲ ਦੇ ਸਾਹਮਣੇ ਗ੍ਰਹਿ ਮੰਤਰਾਲੇ ਦੇ ਦਫ਼ਤਰ ਦੇ ਨੇੜੇ ਇਕ ਧਮਾਕਾ ਹੋਣ ਦੀ ਸੂਚਨਾ ਮਿਲੀ। ਸਥਾਨਕ ਨਿਵਾਸੀ ਸਮੀਉੱਲਾ ਨੇ ਦੱਸਿਆ ਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਆਸ-ਪਾਸ ਦੇ ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਭਾਰਤੀ ਦੂਤਾਵਾਸ ਨੇੜੇ ਧਮਾਕਾ ਹੋਇਆ ਸੀ। ਕਾਬੁਲ ਵਿੱਚ ਇੱਕ ਸਥਾਨਕ ਨਾਗਰਿਕ ਨੇ ਦੱਸਿਆ ਕਿ ਇਸ ਧਮਾਕੇ ਵਿੱਚ ਦਰਜਨਾਂ ਲੋਕ ਮਾਰੇ ਗਏ ਹਨ। ਇਸ ਤੋਂ ਪਹਿਲਾਂ 24 ਦਸੰਬਰ ਨੂੰ ਜਲਾਲਾਬਾਦ ਸਥਿਤ ਭਾਰਤੀ ਵਣਜ ਦੂਤਘਰ ਦੇ ਇਕ ਅਫ਼ਗਾਨ ਕਰਮਚਾਰੀ ‘ਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ।