ਉੱਤਰ ਪ੍ਰਦੇਸ਼ ‘ਚ ਦੇਰ ਰਾਤ ਦੋ ਹਾਦਸਿਆਂ ‘ਚ ਦੋ ਪਰਿਵਾਰਾਂ ਦੇ 11 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਦੋ ਗਰਭਵਤੀ ਔਰਤਾਂ ਅਤੇ ਤਿੰਨ ਬੱਚੇ ਵੀ ਸ਼ਾਮਲ ਹਨ। ਪਹਿਲਾ ਹਾਦਸਾ ਬਾਗਪਤ ‘ਚ ਮੇਰਠ ਹਾਈਵੇ ‘ਤੇ ਟੋਲ ਪਲਾਜ਼ਾ ਨੇੜੇ ਵਾਪਰਿਆ। ਕੈਂਟਰ ਨੇ ਬਾਈਕ ਨੂੰ ਕੁਚਲ ਦਿੱਤਾ, ਜਿਸ ਕਾਰਨ ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲੇ ਸਾਰੇ ਸਿੰਘਾਵਾਲੀ ਅਹੀਰ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਡੋਲਾ ਦੇ ਰਹਿਣ ਵਾਲੇ ਸਨ।
ਖੇਕੜਾ ਦੇ ਸੀਓ ਵਿਜੇ ਚੌਧਰੀ ਨੇ ਦੱਸਿਆ ਕਿ ਫਤਿਹ ਮੁਹੰਮਦ ਆਪਣੇ ਪਰਿਵਾਰ ਨਾਲ ਮੇਰਠ ਤੋਂ ਆ ਰਿਹਾ ਸੀ। ਉਸ ਦੀ ਬਾਈਕ ਕੈਂਟਰ ਨਾਲ ਟਕਰਾ ਗਈ। ਹਾਦਸੇ ‘ਚ ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਹੈ। ਕੈਂਟਰ ਚਾਲਕ ਇਰਸ਼ਾਦ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕੈਂਟਰ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ ਉਹ ਮੇਰਠ ਦਾ ਰਹਿਣ ਵਾਲਾ ਹੈ।
ਦੂਜੇ ਹਾਦਸੇ ‘ਚ ਸਹਾਰਨਪੁਰ ਵਿਖੇ ਟਰੱਕ ਨੇ ਵੈਨ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਵੈਨ ‘ਚ ਸਵਾਰ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ 2 ਦੀ ਅੱਜ ਸੋਮਵਾਰ ਸਵੇਰੇ ਹਸਪਤਾਲ ‘ਚ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਚਾਰ ਔਰਤਾਂ ਵੀ ਸ਼ਾਮਲ ਹਨ।ਹਾਦਸੇ ਤੋਂ ਬਾਅਦ ਡਰਾਈਵਰ ਟਰੱਕ ਛੱਡ ਕੇ ਫਰਾਰ ਹੋ ਗਿਆ। ਸੀਓ ਮੁਨੀਸ਼ ਚੰਦਰ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।