ਨਵਾਂਸ਼ਹਿਰ ਦੇ ਕਸਬਾ ਬਹਿਰਾਮ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਅਨੁਸਾਰ ਇਸ ਹਾਦਸੇ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ‘ਚ ਦੋ ਲੋਕ ਗੰਭੀਰ ਰੂਪ ‘ਚ ਜ਼ਖਮੀ ਵੀ ਦੱਸੇ ਜਾ ਰਹੇ ਹਨ। ਪੱਥਰਾਂ ਤੇ ਮਿੱਟੀ ਨਾਲ ਭਰੇ ਟਰਾਲੇ ਦੀ ਲਪੇਟ ‘ਚ ਆਉਣ ਕਾਰਨ ਕਾਰ ‘ਚ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪੱਥਰਾਂ ਤੇ ਮਿੱਟੀ ਨਾਲ ਭਰਿਆ ਟਰੱਕ ਬੰਗਾ ਸਾਈਡ ਤੋਂ ਫਗਵਾੜਾ ਵੱਲ ਜਾ ਰਿਹਾ ਸੀ।
ਇਸ ਦੌਰਾਨ ਮਾਹਿਲਪੁਰ ਚੌਕ ਬਹਿਰਾਮ ਨੇੜੇ ਟਰੱਕ ਬੇਕਾਬੂ ਹੋ ਕੇ ਦੂਜੇ ਪਾਸੇ ਤੋਂ ਆ ਰਹੀ ਕਾਰ ‘ਤੇ ਪਲਟ ਗਿਆ।ਇਸ ਕਾਰ ਵਿਚ ਸਵਾਰ ਤਿੰਨੋਂ ਲੋਕਾਂ ਦੀ ਮੌਤ ਹੋ ਗਈ। ਇਸਦੇ ਨਾਲ ਹੀ ਇੱਕ ਹੋਰ ਕਾਰ ਵੀ ਇਸ ਟਰਾਲੇ ਦੀ ਲਪੇਟ ‘ਚ ਆਈ ਪਰ ਉਸ ਵਿੱਚ ਬੈਠੇ ਵਿਅਕਤੀ ਵਾਲ-ਵਾਲ ਬਚ ਗਏ। ਹਾਦਸੇ ਤੋਂ ਬਾਅਦ ਕਾਰ ਤੋਂ ਪੱਥਰਾਂ ਨੂੰ ਹਟਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਕਾਰ ਵਿੱਚ ਸਵਾਰ ਗੁਰਕਿਰਪਾਲ ਸਿੰਘ, ਜਸਮੀਤ ਸਿੰਘ ਅਤੇ ਰਮਨਜੀਤ ਕੌਰ ਦੀ ਮੌਤ ਹੋ ਗਈ। ਤਿੰਨੇ ਮ੍ਰਿਤਕ ਗੁਰਦਾਸਪੁਰ ਦੇ ਪਿੰਡ ਚੀਮਾ ਖੁੱਡੀਆਂ ਦੇ ਰਹਿਣ ਵਾਲੇ ਸਨ ਅਤੇ ਚੰਡੀਗੜ੍ਹ ਜਾ ਰਹੇ ਸਨ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।