ਲੁਧਿਆਣਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 2 ਦੀ ਮੌਤ

0
173

ਲੁਧਿਆਣਾ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਅਨੁਸਾਰ ਹਾਈਵੇਅ ’ਤੇ ਖੜ੍ਹੇ ਖ਼ਰਾਬ ਟਰੱਕ ’ਚ ਪਿੱਛੋਂ ਆਈ ਬਲੈਰੋ ਕਾਰ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ’ਚ ਬੈਠੇ 2 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਤੀਜਾ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕਾਂ ‘ਚ ਰਾਜਸਥਾਨ ਦਾ ਰਹਿਣ ਵਾਲਾ ਸਤਪਾਲ ਅਤੇ ਹਰਿਆਣਾ ਦਾ ਬੰਟੀ ਕੁਮਾਰ ਹੈ, ਜਦੋਂ ਕਿ ਜ਼ਖਮੀ ਦੀ ਪਛਾਣ ਯੋਗੇਸ਼ ਕੁਮਾਰ ਵਜੋਂ ਹੋਈ ਹੈ। ਸੂਚਨਾ ਤੋਂ ਬਾਅਦ ਥਾਣਾ ਟਿੱਬਾ ਤਹਿਤ ਚੌਂਕੀ ਸੁਭਾਸ਼ ਨਗਰ ਦੀ ਪੁਲਿਸ ਨੇ ਟਰੱਕ ਨੂੰ ਕਬਜ਼ੇ ’ਚ ਲੈ ਕੇ ਮੁਲਜ਼ਮ ਡਰਾਈਵਰ ਰਾਹੁਲ ਪਾਲ ਨੂੰ ਕਾਬੂ ਕਰ ਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰ ਕੇ ਪੁਲਸ ਨੇ ਉਸ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਹੈ। ਚੌਂਕੀ ਸੁਭਾਸ਼ ਨਗਰ ਦੇ ਇੰਚਾਰਜ ਏ. ਐੱਸ. ਆਈ. ਗੁਰਦਿਆਲ ਸਿੰਘ ਨੇ ਦੱਸਿਆ ਕਿ ਇਹ ਘਟਨਾ ਤੜਕੇ ਕਰੀਬ 3 ਵਜੇ ਦੀ ਹੈ। ਬੰਟੀ, ਸਤਪਾਲ ਅਤੇ ਯੋਗੇਸ਼ ਤਿੰਨੇ ਸੜਕ ਬਣਾਉਣ ਵਾਲੀ ਕੰਪਨੀ ’ਚ ਕੰਮ ਕਰਦੇ ਸਨ। ਕੰਪਨੀ ਕੋਲ ਜੰਮੂ-ਕਸ਼ਮੀਰ ’ਚ ਸੜਕਾਂ ਬਣਾਉਣ ਦਾ ਠੇਕਾ ਹੈ। ਦੇਰ ਰਾਤ ਨੂੰ ਤਿੰਨੋਂ ਬਲੈਰੋ ਕਾਰ ’ਚ ਸਵਾਰ ਹੋ ਕੇ ਨੋਇਡਾ ਸਥਿਤ ਕੰਪਨੀ ਦੇ ਮੁੱਖ ਦਫ਼ਤਰ ਜਾ ਰਹੇ ਸਨ। ਜਦੋਂ ਉਹ ਬਸਤੀ ਜੋਧੇਵਾਲ ਤੋਂ ਸਮਰਾਲਾ ਚੌਂਕ ਵੱਲ ਜਾ ਰਹੇ ਸਨ ਤਾਂ ਟਿੱਬਾ ਰੋਡ ਤੋਂ ਕੁੱਝ ਪਿੱਛੇ ਸੜਕ ‘ਤੇ ਟਰੱਕ ਖੜ੍ਹਾ ਹੋਇਆ ਸੀ।

ਬਲੈਰੋ ਟਰੱਕ ਦੇ ਸਾਈਡ ’ਤੇ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੀ ਛੱਤ ਹੀ ਉੱਡ ਗਈ ਅਤੇ ਤਿੰਨੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਲੋਕ ਐਂਬੂਲੈਂਸ ਬੁਲਾ ਕੇ ਤਿੰਨਾਂ ਜ਼ਖਮੀਆਂ ਨੂੰ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਬੰਟੀ ਅਤੇ ਸਤਪਾਲ ਦੀ ਮੌਤ ਹੋ ਗਈ, ਜਦੋਂਕਿ ਯੋਗੇਸ਼ ਦੀ ਹਾਲਤ ਅਜੇ ਵੀ ਗੰਭੀਰ ਹੈ।

LEAVE A REPLY

Please enter your comment!
Please enter your name here