ਦਿੱਲੀ ਦੇ ਪਾਂਡਵ ਨਗਰ ‘ਚ ਸ਼ਰਧਾ ਕਤਲ ਵਰਗਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਕ ਔਰਤ ਨੇ ਆਪਣੇ ਬੇਟੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਉਨ੍ਹਾਂ ਨੇ ਉਸਦੇ 22 ਟੁਕੜੇ ਕੀਤੇ ਤੇ ਫਰਿੱਜ ‘ਚ ਰੱਖ ਦਿੱਤੇ। ਮਾਂ-ਪੁੱਤ ਹਰ ਰੋਜ਼ ਰਾਤ ਨੂੰ ਟੁਕੜੇ ਸੁੱਟਣ ਜਾਂਦੇ ਸਨ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸਦੀ ਇੱਕ ਸੀਸੀਟੀਵੀ ਫੁਟੇਜ ਜਾਰੀ ਹੋਈ ਹੈ। ਇਹ ਕਤਲ ਕਰੀਬ ਛੇ ਮਹੀਨੇ ਪਹਿਲਾਂ ਜੂਨ ਵਿੱਚ ਹੋਇਆ ਸੀ। ਦਿੱਲੀ ਕ੍ਰਾਈਮ ਬ੍ਰਾਂਚ ਨੇ ਮਾਂ-ਪੁੱਤ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਰੀ ਕੀਤੀ ਗਈ ਸੀਸੀਟੀਵੀ ਫੁਟੇਜ 1 ਜੂਨ, 2022 ਦੀ ਹੈ। ਫੁਟੇਜ ‘ਚ ਕਰੀਬ 12.44 ‘ਤੇ ਦੀਪਕ ਹੱਥ ‘ਚ ਬੈਗ ਲੈ ਕੇ ਨਜ਼ਰ ਆ ਰਿਹਾ ਹੈ। ਉਸ ਦੇ ਪਿੱਛੇ ਮਾਂ ਪੂਨਮ ਵੀ ਨਜ਼ਰ ਆ ਰਹੀ ਹੈ। ਪੁਲਿਸ ਨੇ ਕਿਹਾ ਕਿ ਇਹ ਇੱਕ ਫੁਟੇਜ ਹੈ ਜਿਸ ‘ਚ ਉਹ ਟੁਕੜਿਆਂ ਨੂੰ ਸੁੱਟਣ ਲਈ ਰਾਤ ਨੂੰ ਜਾ ਰਹੇ ਸਨ। ਦਿਨ ਦੀ ਇੱਕ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਉਹ ਟੁਕੜਿਆਂ ਨੂੰ ਸੁੱਟਣ ਲਈ ਜਗ੍ਹਾ ਲੱਭਣ ਲਈ ਨਿਕਲੇ ਸਨ।
ਜਦੋਂ ਟੁਕੜੇ ਮਿਲੇ ਤਾਂ ਉਹ ਬੁਰੀ ਤਰ੍ਹਾਂ ਸੜ ਗਏ ਸਨ ਅਤੇ ਇਸ ਕਾਰਨ ਉਨ੍ਹਾਂ ਦੀ ਪਛਾਣ ਮੁਸ਼ਕਲ ਹੋ ਗਈ ਸੀ।
ਇਸੇ ਦੌਰਾਨ ਸ਼ਰਧਾ ਕਤਲ ਕਾਂਡ ਨਾਲ ਜੁੜੀ ਜਾਣਕਾਰੀ ਸਾਹਮਣੇ ਆਉਣ ਲੱਗੀ ਅਤੇ ਪੁਲੀਸ ਨੇ ਇਸ ਮਾਮਲੇ ਨੂੰ ਇਸ ਨਾਲ ਜੋੜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਹੈ ਕਿ ਲਾਸ਼ ਤ੍ਰਿਲੋਕਪੁਰੀ ਦੇ ਰਹਿਣ ਵਾਲੇ ਅੰਜਨ ਦਾਸ ਦੀ ਹੈ, ਕਤਲ ਵੀ ਉਥੇ ਹੀ ਕੀਤਾ ਗਿਆ ਸੀ।
ਨਜਾਇਜ਼ ਸਬੰਧਾਂ ਦੇ ਸ਼ੱਕ ‘ਚ ਕੀਤਾ ਕਤਲ, ਪਹਿਲਾਂ ਖੁਆਈ ਨੀਂਦ ਦੀ ਗੋਲੀ
ਪੁਲਿਸ ਨੇ ਦੱਸਿਆ ਕਿ ਪੂਨਮ ਨੇ ਆਪਣੇ ਬੇਟੇ ਦੀਪਕ ਨਾਲ ਮਿਲ ਕੇ ਅੰਜਨ ਦਾ ਕਤਲ ਕੀਤਾ ਹੈ। ਪੂਨਮ ਨੂੰ ਸ਼ੱਕ ਸੀ ਕਿ ਅੰਜਨ ਦੇ ਨਾਜਾਇਜ਼ ਸਬੰਧ ਹਨ। ਪਹਿਲਾਂ ਔਰਤ ਨੇ ਆਪਣੇ ਪਤੀ ਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਬੇਟੇ ਨਾਲ ਮਿਲ ਕੇ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਫਰਿੱਜ ‘ਚ ਰੱਖ ਦਿੱਤਾ। ਇਸ ਤੋਂ ਬਾਅਦ ਪਾਂਡਵ ਨਗਰ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਚੱਕਰ ਲਗਾ ਕੇ ਟੁਕੜੇ ਸੁੱਟ ਦਿੱਤੇ।