ਨਵੀਂ ਦਿੱਲੀ: ਵੀਡੀਓ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ ਨੇ ਇਕ ਨਵਾਂ ਸੁਪਰ ਥੈਂਕਸ ਫੀਚਰ ਲੌਂਚ ਕੀਤਾ ਹੈ। ਇਸ ਨਵੇਂ ਫੀਚਰ ਰਾਹੀਂ ਯੂਜ਼ਰਸ ਆਪਣੇ ਪਸੰਦੀਦਾ ਯੂਟਿਊਬ ਚੈਨਲ ਨੂੰ ਟਿੱਪ ਦੇ ਸਕਦੇ ਹਨ। ਇਸ ਨਾਲ ਵੀਡੀਓ ਕ੍ਰੀਏਟਰਸ ਨੂੰ ਪੈਸਾ ਕਮਾਉਣ ‘ਚ ਮਦਦ ਮਿਲੇਗੀ।
ਖ਼ਬਰਾਂ ਅਨੁਸਾਰ ਯੂਟਿਊਬ ਵੀਡੀਓ ਦੇਖਣ ਵਾਲੇ ਪ੍ਰਸ਼ੰਸਕ ਹੁਣ ਆਪਣਾ ਆਭਾਰ ਵਿਅਕਤ ਕਰਨ ਤੇ ਸਮਰਥਨ ਦਿਖਾਉਣ ਲਈ ਸੁਪਰ ਥੈਂਕਸ ਖਰੀਦ ਸਕਦੇ ਹਨ। ਬਿਆਨ ‘ਚ ਕਿਹਾ ਗਿਆ, ‘ਉਹ ਵਾਧੂ ਬੋਨਸ ਦੇ ਰੂਪ ‘ਚ ਇਕ ਏਨੀਮੇਟਡ ਜੀਆਈਐਫ ਦੇਖਣਗੇ ਤੇ ਆਪਣੀ ਖਰੀਦ ਦਰਸਾਉਣ ਲਈ ਇਕਵੱਖਰਾ, ਰੰਗੀਨ ਟਿੱਪਣੀ ਦਾ ਵਿਕਲਪ ਪਾ ਸਕਣਗੇ। ਜਿਸ ਦਾ ਕ੍ਰੀਏਟਰ ਆਸਾਨੀ ਨਾਲ ਜਵਾਬ ਦੇ ਸਕਦੇ ਹਨ। ਸੁਪਰ ਥੈਂਕਸ ਇਸ ਸਮੇਂ ਦੋ ਅਮਰੀਕੀ ਡਾਲਰ ਤੇ 50 ਅਮਰੀਕਾ ਡਾਲਰ ‘ਚ ਉਪਲਬਧ ਹੈ।’
ਇਹ ਫੀਚਰ ਬੀਟਾ ਟੈਸਟਿੰਗ ਦੇ ਗੇੜ ‘ਚ ਸੀ ਤੇ ਹੁਣ ਇਹ ਹਜ਼ਾਰਾਂ ਕ੍ਰੀਏਟਰਸ ਲਈ ਉਪਲੱਬਧ ਹੋਵੇਗਾ। ਯੂਟਿਊਬ ਨੇ ਕਿਹਾ, ‘ਇਹ ਸੁਵਿਧਾ 68 ਦੇਸ਼ਾਂ ‘ਚ ਡੈਸਕਟੌਪ ਤੇ ਮੋਬਾਇਲ ਉਪਕਰਣਾਂ ਤੇ ਰਚਨਕਾਰਾਂ ਤੇ ਦਰਸ਼ਕਾਂ ਲਈ ਉਪਲੱਬਧ ਹੈ। ਨਿਰਮਾਤਾ ਕੁਝ ਨਿਰਦੇਸ਼ਾਂ ਦਾ ਪਾਲਣ ਕਰਕੇ ਇਹ ਪਤਾ ਲਾ ਸਕਦੇ ਹਨ ਕਿ ਉਨ੍ਹਾਂ ਕੋਲ ਇਸ ਲਈ ਸ਼ੁਰੂਆਤੀ ਪਹੁੰਚ ਹੈ ਜਾਂ ਨਹੀਂ। ਜੇਕਰ ਉਨ੍ਹਾਂ ਕੋਲ ਇਸ ਲਈ ਸ਼ੁਰੂਆਤੀ ਪਹੁੰਚ ਨਹੀਂ ਹੈ ਤਾਂ ਡਰਨ ਦੀ ਗੱਲ ਨਹੀਂ ਇਸ ਸਾਲ ਦੇ ਅੰਤ ‘ਚ ਯੂਟਿਊਬ ਸਾਂਝੇਦਾਰੀ ਪ੍ਰੋਗਰਾਮ ਦੇ ਤਹਿਤ ਸਾਰੇ ਯੋਗ ਰਚਨਾਕਾਰਾਂ ਲਈ ਉਪਲਬਧਤਾ ਦਾ ਵਿਸਥਾਰ ਕਰਨਗੇ।’
ਪੈਸਾ ਕਮਾਉਣ ਦਾ ਤਰੀਕਾ
ਯੂਟਿਊਬ ਦੇ ਚੀਫ਼ ਪ੍ਰੋਡਕਟ ਅਫ਼ਸਰ ਨੀਲ ਮੋਹਨ ਨੇ ਕਿਹਾ, ‘ਯੂਟਿਊਬ ‘ਚ ਅਸੀਂ ਹਮੇਸ਼ਾਂ ਨਵੇਂ ਤਰੀਕਿਆਂ ਦੀ ਤਲਾਸ਼ ਕਰਦੇ ਰਹਿੰਦੇ ਹਾਂ। ਜਿਸ ਨਾਲ ਨਿਰਮਾਤਾ ਆਪਣੀ ਆਮਦਨ ‘ਚ ਵਾਧਾ ਕਰ ਸਕੇ। ਇਸ ਲਈ ਮੈਂ ਭੁਗਤਾਨ ‘ਤੇ ਆਧਾਰਤ ਸੁਪਰ ਥੈਂਕਸ ਦੀ ਸ਼ੁਰੂਆਤ ਨੂੰ ਲੈਕੇ ਉਤਸ਼ਾਹਤ ਹਾਂ। ਇਹ ਨਵੀਂ ਸੁਵਿਧਾ ਕ੍ਰੀਏਟਰਸ ਨੂੰ ਪੈਸੇ ਕਮਾਉਣ ਦਾ ਇਕ ਹੋਰ ਤਰੀਕਾ ਦਿੰਦੀ ਹੈ ਤੇ ਦਰਸ਼ਕਾਂ ਦੇ ਨਾਲ ਉਨ੍ਹਾਂ ਦਾ ਸਬੰਧ ਵੀ ਮਜ਼ਬੂਤ ਹੁੰਦਾ ਹੈ।’