ਵਟਸਐਪ ਨੇ ਸੋਮਵਾਰ ਨੂੰ ਆਪਣੀ ਨਵੀਂ ਅਨੁਪਾਲਨ ਰਿਪੋਰਟ ਜਾਰੀ ਕੀਤੀ। ਇਸ ਵਿਚ ਦੱਸਿਆ ਗਿਆ ਹੈ ਕਿ ਕੰਪਨੀ ਨੇ ਸਤੰਬਰ ਮਹੀਨੇ ’ਚ 22 ਲੱਖ, 9 ਹਜ਼ਾਰ ਭਾਰਤੀ ਵਟਸਐਪ ਅਕਾਊਂਟ ਨੂੰ ਬੈਨ ਕੀਤਾ ਹੈ। ਰਿਪੋਰਟ ਅਨੁਸਾਰ ਇਸ ਮਹੀਨੇ ਕੰਪਨੀ ਨੂੰ 560 ਸ਼ਿਕਾਇਤਾਂ ਮਿਲੀਆਂ ਸਨ।
ਇਸ ਦੇ ਨਾਲ ਹੀ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਐਂਡ-ਟੂ-ਐਂਡ ਐਨਕ੍ਰਿਪਟਿਡ ਮੈਸੇਜਿੰਗ ਸੇਵਾਵਾਂ ’ਚ ਦੁਰਵਰਤੋਂ ਨੂੰ ਰੋਕਣ ’ਚ ਵਟਸਐਪ ਸਭ ਤੋਂ ਅੱਗੇ ਹੈ। ਬੀਤੇ ਸਾਲਾਂ ਦੌਰਾਨ ਆਪਣੇ ਯੂਜ਼ਰਸ ਦੀ ਸੁਰੱਖਿਆ ਲਈ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.), ਵਿਸ਼ਵ ਪੱਧਰੀ ਤਕਨਾਲੋਜੀਆਂ, ਡਾਟਾ ਸਾਇੰਟਿਸਟ ਅਤੇ ਮਾਹਿਰਾਂ ’ਚ ਲਗਾਤਾਰ ਨਿਵੇਸ਼ ਕਰਦੇ ਰਹੇ ਹਨ।
ਬੁਲਾਰੇ ਨੇ ਕਿਹਾ ਕਿ ਇਸ ਉਪਭੋਗਤਾ ਸੁਰੱਖਿਆ ਰਿਪੋਰਟ ’ਚ ਯੂਜ਼ਰਸ ਦੀਆਂ ਸ਼ਿਕਾਇਤਾਂ ਅਤੇ ਵਟਸਐਪ ਵਲੋਂ ਉਸ ਸ਼ਿਕਾਇਤ ’ਤੇ ਕੀਤੀ ਗਈ ਕਾਰਵਾਈ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵਟਸਐਪ ਨੇ ਕਿਹਾ ਸੀ ਕਿ 95 ਫੀਸਦੀ ਬੈਨ ਦਾ ਕਾਰਨ ਆਟੋਮੇਟਿਡ ਜਾਂ ਬਲਕ ਮੈਸੇਜਿੰਗ ਦੀ ਦੁਰਵਰਤੋਂ ਕਰਨਾ ਸੀ।
ਪੂਰੀ ਦੁਨੀਆ ’ਚ ਹਰ ਮਹੀਨੇ ਔਸਤਨ ਇੰਨੇ ਅਕਾਊਂਟ ਬੰਦ ਕਰਦਾ ਹੈ ਵਟਸਐਪ
ਰਿਪੋਰਟ ਅਨੁਸਾਰ ਵਟਸਐਪ ਆਪਣੇ ਪਲੇਟਫਾਰਮ ਦੀ ਦੁਰਵਰਤੋਂ ਹੋਣ ਤੋਂ ਬਚਣ ਲਈ ਹਰ ਮਹੀਨੇ ਪੂਰੀ ਦੁਨੀਆ ’ਚ ਔਸਤਨ 80 ਲੱਖ ਅਕਾਊਂਟ ਬੰਦ ਕਰਦਾ ਹੈ। ਅਨੁਪਾਲਨ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਸਤੰਬਰ ਮਹੀਨੇ ’ਚ ਕੰਪਨੀ ਨੂੰ ਆਪਣੇ ਉਪਭੋਗਤਾਵਾਂ ਤੋਂ ਮਿਲੀਆਂ 560 ਸ਼ਿਕਾਇਤਾਂ ਦੇ ਆਧਾਰ ’ਤੇ 51 ਖਾਤਿਆਂ ’ਤੇ ਕਾਰਵਾਈ ਕੀਤੀ ਗਈ।