ਗੂਗਲ ਜੀ-ਮੇਲ ‘ਤੇ ਜਲਦ ਹੀ ਇੱਕ ਸ਼ਾਨਦਾਰ ਫ਼ੀਚਰ ਸ਼ਾਮਲ ਹੋਣ ਜਾ ਰਿਹਾ ਹੈ। ਵਰਕ ਫਰਾਮ ਹੋਮ ਅਤੇ ਆਨਲਾਈਨ ਕਲਾਸਾਂ ਕਾਰਨ ਇਸ ਦੀ ਵਰਤੋਂ ਪਹਿਲਾਂ ਹੀ ਵੱਧ ਗਈ ਹੈ। ਇਸ ਲਈ ਗੂਗਲ ਹੁਣ ਆਪਣੀ ਇਸ ਈ-ਮੇਲ ਸਰਵਿਸ ਵਿਚ ਇਕ ਹੋਰ ਫ਼ੀਚਰ ਲਿਆਉਣ ਦੀ ਯੋਜਨਾ ਬਣਾ ਰਿਹਾ ਹੈ। ਜੀ-ਮੇਲ ‘ਤੇ ਮੇਲ ਭੇਜਣ ਤੇ ਪ੍ਰਾਪਤ ਕਰਨ ਦੇ ਨਾਲ-ਨਾਲ ਜਲਦ ਹੀ ਇਸ ਤੋਂ ਵੌਇਸ ਕਾਲਿੰਗ ਵੀ ਹੋ ਸਕੇਗੀ।
ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਜੀ-ਮੇਲ ਵਿਚ ਕਾਲ ਫ਼ੀਚਰ ਗੂਗਲ ਦੀ ਆਉਣ ਵਾਲੀ ਆਪਡੇਟ ਵਿਚ ਸ਼ਾਮਲ ਹੋ ਸਕਦਾ ਹੈ। ਇਸ ਫ਼ੀਚਰ ਦੇ ਆਉਣ ਪਿੱਛੋਂ ਯੂਜ਼ਰਜ਼ ਜੀ-ਮੇਲ ਦੇ ਐਪ ਤੋਂ ਉਸੇ ਤਰ੍ਹਾਂ ਵੌਇਸ ਕਾਲ ਕਰ ਸਕਣਗੇ ਜਿਸ ਤਰ੍ਹਾਂ ਉਹ ਹੋਰ ਇੰਟਰਨੈੱਟ ਨਾਲ ਚੱਲਣ ਵਾਲੇ ਐਪਸ ਨਾਲ ਕਰਦੇ ਹਨ।
ਇਸ ਫ਼ੀਚਰ ਨੂੰ ਗੂਗਲ ਇਸ ਤਰ੍ਹਾਂ ਦੇ ਮੰਚ ਵਿਚ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਪੇਸ਼ੇਵਰ ਤੇ ਨਿੱਜੀ ਦੋਹਾਂ ਤਰ੍ਹਾਂ ਦੇ ਯੂਜ਼ਰਜ਼ ਲਈ ਬਿਹਤਰ ਹੋਵੇ ਅਤੇ ਜੀ-ਮੇਲ ਐਪ ਦਾ ਯੂਜ਼ਰਜ਼ ਸਰਗਰਮੀ ਵੀ ਵਧਾ ਸਕੇ। ਹੁਣ ਤੱਕ ਜੀ-ਮੇਲ ਐਪ ਵਿਚ 4 ਟੈਬ ਹਨ- ‘ਮੇਲ, ਚੈਟ, ਸਪੇਸ ਤੇ ਮੀਟ’।
ਗੂਗਲ ਨੇ ਇਸ ਫ਼ੀਚਰ ਨੂੰ ”ਕਾਲ ਰਿੰਗ” ਨਾਮ ਦਿੱਤਾ ਹੈ। ਜੀ-ਮੇਲ ਐਪ ਵਿਚ ਹੀ ਇੱਕ ਛੋਟੇ ਟੈਬ ਵਿਚ ਇਸ ਫ਼ੀਚਰ ਨੂੰ ਫਿਟ ਕੀਤਾ ਜਾ ਸਕਦਾ ਹੈ। ਗੂਗਲ ਨੇ ਇਹ ਵੀ ਕਿਹਾ ਹੈ ਕਿ ਜੇਕਰ ਯੂਜ਼ਰਜ਼ ਇਸ ਫ਼ੀਚਰ ਦਾ ਇਸਤੇਮਾਲ ਨਹੀਂ ਕਰਨਾ ਚਾਹੁਣਗੇ ਤਾਂ ਉਹ ਇਸ ਟੈਬ ਨੂੰ ਹਾਈਡ ਵੀ ਕਰ ਸਕਣਗੇ। ਪਰ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਯੂਜ਼ਰਜ਼ ਲਿੰਕ ਹੋਏ ਈ-ਮੇਲ ਆਈ. ਡੀ. ਨਾਲ ਕਾਲ ਕਰ ਸਕਣਗੇ ਜਾਂ ਫਿਰ ਫੋਨ ਨੰਬਰ ਐਪ ਨਾਲ ਲਿੰਕ ਕਰਨਾ ਹੋਵੇਗਾ।