ਭਾਰਤੀ ਹੈਕਰ ਨੂੰ ਫੇਸਬੁੱਕ ਨੇ 22 ਲੱਖ ਰੁਪਏ ਦਾ ਇਨਾਮ ਦਿੱਤਾ ਹੈ। ਦਰਅਸਲ, ਮਯੂਰ ਨਾਂ ਦੇ ਇਕ ਭਾਰਤੀ ਡਿਵੈਲਪਰ ਨੇ ਫੇਸਬੁੱਕ ਦੇ ਪਲੇਟਫਾਰਮ ਇੰਸਟਾਗ੍ਰਾਮ ’ਚ ਗੰਭੀਰ ਖਾਮੀ ਉਜਾਗਰ ਕੀਤੀ ਹੈ। ਇਸ ਖਾਮੀ ਕਾਰਨ ਕੋਈ ਵੀ ਇੰਸਟਾਗ੍ਰਾਮ ’ਤੇ ਕਿਸੇ ਦੇ ਪ੍ਰਾਈਵੇਟ ਅਕਾਊਂਟ ਨੂੰ ਦੇਖ ਸਕਦਾ ਸੀ। ਮਯੂਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਕੰਪਿਊਟਰ ਸਾਇੰਸ ਦਾ ਵਿਦਿਆਰਥੀ ਹੈ। ਮਯੂਰ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ।
ਇੰਸਟਾਗ੍ਰਾਮ ’ਤੇ ਪ੍ਰਾਈਵੇਟ ਅਕਾਊਂਟ ਉਦੋਂ ਹੀ ਵੇਖ ਸਕਦੇ ਹਾਂ ਜਦੋਂ ਦੋਵੇਂ ਅਕਾਊਂਟਸ ਇਕ-ਦੂਜੇ ਨੂੰ ਫਾਲੋ ਕਰ ਹੁੰਦੇ ਹਨ ਪਰ ਇੰਸਟਾਗ੍ਰਾਮ ’ਚ ਬਗ ਕਾਰਨ ਕਿਸੇ ਵੀ ਪ੍ਰਾਈਵੇਟ ਅਕਾਊਂਟ ਨੂੰ ਦੇਖਿਆ ਜਾ ਸਕਦਾ ਸੀ। ਇਸ ਬਾਰੇ ਮਯੂਰ ਨੇ ਫੇਸਬੁੱਕ ਨੂੰ ਜਾਣਕਾਰੀ ਦਿੱਤੀ ਅਤੇ ਫੇਸਬੁੱਕ ਨੇ ਇਹ ਮੰਨਿਆ ਕਿ ਇੰਸਟਾਗ੍ਰਾਮ ’ਚ ਇਹ ਖਾਮੀ ਸੀ। ਮਯੂਰ ਨੇ ਦੱਸਿਆ ਕਿ ਇਹ ਉਸ ਦੀ ਪਹਿਲੀ ਬਾਊਂਟੀ ਹੈ। ਇਸ ਤੋਂ ਪਹਿਲਾਂ ਮਯੂਰ ਸਰਕਾਰ ਦੀਆਂ ਸਾਈਟਾਂ ’ਚ ਖਾਮੀਆਂ ਦੱਸਦਾ ਸੀ ਪਰ ਸਰਕਾਰ ਇਸ ਦਾ ਇਨਾਮ ਨਹੀਂ ਦਿੰਦੀ।
ਜ਼ਿਕਰਯੋਗ ਹੈ ਕਿ ਹੁਣ ਇੰਸਟਾਗ੍ਰਾਮ ਦੀ ਇਸ ਖਾਮੀ ਨੂੰ ਠੀਕ ਕਰ ਦਿੱਤਾ ਗਿਆ ਹੈ ਅਤੇ ਮਯੂਰ ਨੂੰ ਫੇਸਬੁੱਕ ਵਲੋਂ ਈ-ਮੇਲ ਰਾਹੀਂ ਇਨਾਮ ਬਾਰੇ ਦੱਸਿਆ ਗਿਆ ਹੈ। ਫੇਸਬੁੱਕ ਨੇ ਮਯੂਰ ਨੂੰ ਭੇਜੇ ਗਏ ਈ-ਮੇਲ ’ਚ ਲਿਖਿਆ ਹੈ, ‘ਇਸ ਇਸ਼ੂ ਨੂੰ ਰੀਵਿਊ ਕਰਨ ਤੋਂ ਬਾਅਦ ਅਸੀਂ ਤੈਅ ਕੀਤਾ ਹੈ ਕਿ ਤੁਹਾਨੂੰ 30,000 ਡਾਲਰ ਦੀ ਬਾਊਂਟੀ ਇਨਾਮ ਦੇ ਤੌਰ ’ਤੇ ਦਿੱਤੀ ਜਾਵੇਗੀ। ਫੇਸਬੁੱਕ ਨੇ ਕਿਹਾ ਹੈ ਕਿ ਜੋ ਖਾਮੀ ਮਯੂਰ ਨੇ ਹਾਈਲਾਈਟ ਕੀਤਾ ਹੈ ਅਤੇ ਫੇਸਬੁੱਕ ਨੂੰ ਰਿਪੋਰਟ ਕੀਤਾ ਹੈ, ਉਸ ਕਾਰਨ ਗਲਤ ਇਰਾਦਾ ਰੱਖਣ ਵਾਲੇ ਯੂਜ਼ਰਸ ਇੰਸਟਾਗ੍ਰਾਮ ’ਤੇ ਇਸ ਦਾ ਫਾਇਦਾ ਚੁੱਕ ਸਕਦੇ ਸਨ। ਹਾਲਾਂਕਿ, ਇਸ ਲਈ ਅਟੈਕਰ ਨੂੰ ਖਾਸ ਮੀਡੀਆ ਆਈ.ਡੀ. ਦੀ ਲੋੜ ਪੈਂਦੀ। ਕੰਪਨੀ ਨੇ ਇਸ ਨੂੰ ਠੀਕ ਕਰ ਲਿਆ ਹੈ।