ਸਿਡਨੀ: ਇੰਗਲੈਂਡ ਦੀ ਟੀਮ ਸੈਮੀਫਾਈਨਲ ‘ਚ ਪਹੁੰਚ ਗਈ ਹੈ। ਇੰਗਲੈਂਡ ਨੇ ਬੈੱਨ ਸਟੋਕਸ (ਨਾਬਾਦ 42 ਦੌੜਾਂ) ਦੀ ਪਾਰੀ ਦੀ ਬਦੌਲਤ ਸੁਪਰ-12 ਦੇ ਗਰੁੱਪ-1 ਦੇ ਅਹਿਮ ਮੈਚ ਵਿੱਚ ਸ੍ਰੀਲੰਕਾ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ, ਜਿਸ ਨਾਲ ਮੇਜ਼ਬਾਨ ਆਸਟਰੇਲੀਆ ਟੂਰਨਾਮੈਂਟ ’ਚੋਂ ਬਾਹਰ ਹੋ ਗਿਆ ਹੈ। ਗਰੁੱਪ-1 ’ਚੋਂ ਨਿਊਜ਼ੀਲੈਂਡ ਪਹਿਲਾਂ ਹੀ ਸੈਮੀਫਾਈਨਲ ’ਚ ਪਹੁੰਚ ਚੁੱਕਾ ਹੈ। ਸ੍ਰੀਲੰਕਾ ਨੇ ਸਲਾਮੀ ਬੱਲੇਬਾਜ਼ ਪਾਥੁਮ ਨਿਸਾਂਕਾ ਦੀ (45 ਗੇਂਦਾਂ ’ਚ 67 ਦੌੜਾਂ) ਪਾਰੀ ਬਦੌਲਤ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਇੰਗਲੈਂਡ ਦੇ ਗੇਂਦਬਾਜ਼ਾਂ ਨੇ ਵਾਪਸੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ’ਤੇ 141 ਦੌੜਾਂ ਹੀ ਬਣਨ ਦਿੱਤੀਆਂ।
ਇੰਗਲੈਂਡ ਦੇ ਮਾਰਕ ਵੁੱਡ ਨੇ ਤਿੰਨ, ਬੈਨ ਸਟੋਕਸ, ਕ੍ਰਿਸ ਵੋਕਸ, ਸੈਮ ਕਰਨ ਅਤੇ ਆਦਿਲ ਰਾਸ਼ਿਦ ਨੇ ਇੱਕ-ਇੱਕ ਵਿਕਟ ਲਈ। ਇੰਗਲੈਂਡ ਨੇ ਇਹ ਟੀਚਾ 19.4 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ’ਤੇ 144 ਦੌੜਾਂ ਬਣਾ ਕੇ ਪੂਰਾ ਕਰ ਲਿਆ। ਇਸ ਵਿੱਚ ਏਲੈਕਸ ਹੇਲਜ਼ ਨੇ 47, ਸਟੋਕਸ ਨੇ 42 ਅਤੇ ਜੋਸ ਬਟਲਰ ਨੇ 28 ਦੌੜਾਂ ਦਾ ਯੋਗਦਾਨ ਪਾਇਆ। ਸ੍ਰੀਲੰਕਾ ਵੱਲੋਂ ਵਨਿੰਦੂ ਹਸਾਰੰਗਾ, ਲਹੀਰੂ ਕੁਮਾਰਾ ਅਤੇ ਧਨੰਜੈ ਡੀ ਸਿਲਵਾ ਨੇ ਦੋ-ਦੋ ਵਿਕਟਾਂ ਲਈਆਂ।